ਜਗਰਾਉਂ: ਸਥਾਨਕ ਐਸਡੀਐਮ ਬਾਦਲਦੀਨ ਵੱਲੋਂ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਵੋਟਰ ਸੂਚੀਆਂ ਸਬੰਧੀ ਹੁਣ ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦੀ ਸੂਚੀ ਮੁਹੱਈਆ ਕਰਵਾਈ ਗਈ ਅਤੇ ਅਗਲੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।
ਐਸਡੀਐਮ ਬਾਦਲਦੀਨ ਨੇ ਪਾਰਟੀ ਨੁਮਾਇੰਦਿਆਂ ਨੂੰ ਆਪਣੇ ਇਲਾਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਕਿ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਤਾਂ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਇਆ ਜਾਵੇ। ਨਾਮ ਵਿੱਚ ਸੋਧ ਜਾਂ ਨਾਮ ਮਿਟਾਉਣ ਸਬੰਧੀ ਲੋੜ ਹੋਣ ’ਤੇ ਸਬੰਧਤ ਫਾਰਮ ਰਾਹੀਂ 12 ਸਤੰਬਰ 2026 ਤੱਕ ਦਾਅਵਾ ਜਾਂ ਇਤਰਾਜ਼ ਪੇਸ਼ ਕੀਤਾ ਜਾਵੇ।
ਐਸਡੀਐਮ ਨੇ ਖਾਸ ਤੌਰ ’ਤੇ ਅਪੀਲ ਕੀਤੀ ਕਿ ਜਿਹੜੇ ਨੌਜਵਾਨ 1 ਅਕਤੂਬਰ 2026 ਨੂੰ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਨਵੇਂ ਵੋਟਰ ਵਜੋਂ ਅਰਜ਼ੀ ਦੇਣ।
ਇਸ ਤੋਂ ਇਲਾਵਾ, ਜਿਨ੍ਹਾਂ ਯੋਗ ਵੋਟਰਾਂ ਦਾ ਨਾਮ Enumeration Form ਨਾ ਭਰਨ ਕਾਰਨ ਡਰਾਫਟ ਵੋਟਰ ਸੂਚੀ ਵਿੱਚ ਦਰਜ ਨਹੀਂ ਹੋ ਸਕਿਆ ਜਾਂ ਡਿਲੀਟ ਹੋ ਗਿਆ ਹੈ, ਉਹ ਨਿਰਧਾਰਤ ਪ੍ਰਕਿਰਿਆ ਤਹਿਤ ਆਪਣਾ ਦਾਅਵਾ ਪੇਸ਼ ਕਰਕੇ ਨਾਮ ਸ਼ਾਮਲ ਕਰਵਾਉਣ।
ਐਸਡੀਐਮ ਬਾਦਲਦੀਨ ਨੇ ਯੋਗ ਨਾਗਰਿਕਾਂ ਨੂੰ ਆਪਣਾ ਨਾਮ ਵੋਟਰ ਸੂਚੀ ਵਿੱਚ ਸਮੇਂ ਸਿਰ ਚੈੱਕ ਕਰਨ ਅਤੇ ਲੋੜ ਪੈਣ ’ਤੇ 12 ਸਤੰਬਰ ਤੱਕ ਅਰਜ਼ੀ ਜਾਂ ਦਾਅਵਾ ਪੇਸ਼ ਕਰਨ ਦੀ ਅਪੀਲ ਕੀਤੀ।