Skip to content

ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿੱਚ ਮਨਾਇਆ ਪੰਜਾਬੀ ਦਿਵਸ

ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿੱਚ ਮਨਾਇਆ ਪੰਜਾਬੀ ਦਿਵਸ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਪੰਜਾਬੀ ਭਾਸ਼ਾ ਦੇ ਸਤਿਕਾਰ ਅਤੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਰਿਹਾ ਪੰਜਾਬੀ ਦਿਵਸ

ਜਗਰਾਉਂ: ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ, ਸਤਿਕਾਰ ਅਤੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਪੰਜਾਬੀ ਦਿਵਸ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨਾਲ ਆਪਣੀ ਸਾਂਝ ਨੂੰ ਪ੍ਰਗਟਾਇਆ।

ਪੰਜਾਬੀ ਦਿਵਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ ਦਸਤਖ਼ਤ ਪੰਜਾਬੀ ਭਾਸ਼ਾ ਵਿੱਚ ਕੀਤੇ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜਨ ਅਤੇ ਗੁਰਮੁਖੀ ਲਿਪੀ ਦੀ ਵਰਤੋਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਐਲੀਮੈਂਟਰੀ ਵਿੰਗ ਦੇ ਵਿਦਿਆਰਥੀਆਂ ਲਈ ਪੰਜਾਬੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲੈਂਦਿਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਜੂਨੀਅਰ ਵਿੰਗ ਵਿੱਚ ਗੁਰਮੁਖੀ ਵਰਣਮਾਲਾ, ਪੈਂਤੀ ਅੱਖਰੀ, ਦੀ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ।

ਸਕੂਲ ਵਿੱਚ ਪੰਜਾਬੀ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ 'ਤੇ ਵੀ ਧਿਆਨ ਦਿੱਤਾ ਗਿਆ। ਵਿਦਿਆਰਥੀਆਂ ਨੂੰ ਕੰਪਿਊਟਰ ਵਿੱਚ ਪੰਜਾਬੀ ਫੌਂਟ ਦੀ ਵਰਤੋਂ ਅਤੇ ਪੰਜਾਬੀ ਵਿੱਚ ਟਾਈਪ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਡਿਜੀਟਲ ਮਾਧਿਅਮ ਵਿੱਚ ਵੀ ਪੰਜਾਬੀ ਦੀ ਵਰਤੋਂ ਨਾਲ ਜਾਣੂ ਕਰਵਾਉਣਾ ਰਿਹਾ।

ਇਸ ਮੌਕੇ ਸਕੂਲ ਵਿੱਚ ਪੰਜਾਬੀ ਪੁਸਤਕ ਮੇਲਾ ਵੀ ਲਗਾਇਆ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਪੁਸਤਕ ਮੇਲੇ ਵਿੱਚ ਰੁਚੀ ਦਿਖਾਈ ਅਤੇ ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਸਕੂਲ ਦੀ ਪ੍ਰਿੰਸੀਪਲ ਰੀਨਾ ਜੈਦਕਾ ਅਤੇ ਵਾਈਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਪੰਜਾਬੀ ਨੂੰ ਮਾਂ-ਬੋਲੀ ਅਤੇ ਸੱਭਿਆਚਾਰ ਦੀ ਪਛਾਣ ਦੱਸਦਿਆਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ, ਲਿਖਣ ਅਤੇ ਰੋਜ਼ਾਨਾ ਜੀਵਨ ਵਿੱਚ ਵੱਧ ਤੋਂ ਵੱਧ ਵਰਤਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੂਲ ਦੇ ਮੈਨੇਜਮੈਂਟ ਮੈਂਬਰਾਂ ਵਿੱਚ ਪ੍ਰੈਜ਼ੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਸ. ਬਹਾਦੁਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ, ਯੂ.ਐਸ.ਏ., ਹਾਜ਼ਰ ਸਨ।