ਜਗਰਾਉਂ: ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ‘ਹਰਿਆਲੀ ਮੁਹਿੰਮ’ ਤਹਿਤ ਤਹਿਸੀਲ ਰੋਡ ਦੇ ਡਿਵਾਈਡਰ ’ਤੇ ਲਾਏ ਬੂਟਿਆਂ ਨੂੰ ਟ੍ਰੀ-ਗਾਰਡ ਨਾ ਮਿਲਣ ਕਾਰਨ ਮਾਮਲਾ ਚਰਚਾ ਵਿੱਚ ਆ ਗਿਆ ਹੈ। ਸ਼ਹੀਦ ਪਰਿਵਾਰਾਂ ਦੀ ਜਥੇਬੰਦੀ ਨੇ ਨਗਰ ਕੌਂਸਲ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ ਪੁਲਿਸ ਸ਼ਹੀਦ ਪਰਿਵਾਰ ਐਸੋਸੀਏਸ਼ਨ ਅਤੇ ਅੱਤਵਾਦ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਗੋਰਸੀਆਂ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸਹੋਤਾ ਨੇ ਦੱਸਿਆ ਕਿ ਐੱਸ.ਡੀ.ਐੱਮ. ਦੀ ਪ੍ਰਵਾਨਗੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਬੂਟੇ ਲਗਾਏ ਗਏ ਸਨ।
ਜਥੇਬੰਦੀ ਦੇ ਆਗੂਆਂ ਅਨੁਸਾਰ ਬੂਟਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡ ਮੁਹੱਈਆ ਕਰਵਾਉਣ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਲਿਖਤੀ ਭਰੋਸਾ ਵੀ ਦਿੱਤਾ ਗਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਏ.ਐੱਮ.ਈ. ਅਸ਼ੋਕ ਕੁਮਾਰ ਅਤੇ ਜੇ.ਈ. ਨਿਰਮਲ ਕੌਰ ਵੱਲੋਂ ਬੇਨਤੀ ਸਬੰਧੀ ਰਸੀਦ ਲੈਣ ਦੇ ਬਾਵਜੂਦ ਹਾਲੇ ਤੱਕ ਲੋੜੀਂਦੀ ਕਾਰਵਾਈ ਨਹੀਂ ਹੋਈ।
ਸ਼ਹੀਦ ਪਰਿਵਾਰਾਂ ਨੇ ਕਿਹਾ ਕਿ ਇਹ ਬੂਟੇ ਉਨ੍ਹਾਂ ਲਈ ਸਿਰਫ਼ ਹਰਿਆਲੀ ਦਾ ਸਾਧਨ ਨਹੀਂ, ਸਗੋਂ ਦੇਸ਼ ਅਤੇ ਸਮਾਜ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਦੀ ਯਾਦ ਨਾਲ ਜੁੜੇ ਹਨ। ਉਨ੍ਹਾਂ ਮੁਤਾਬਕ ਅਵਾਰਾ ਪਸ਼ੂਆਂ ਅਤੇ ਵਾਹਨਾਂ ਕਾਰਨ ਬੂਟਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ।
ਜਥੇਬੰਦੀ ਨੇ ਨਗਰ ਕੌਂਸਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੂਟਿਆਂ ਲਈ ਜਲਦ ਟ੍ਰੀ-ਗਾਰਡ ਮੁਹੱਈਆ ਨਾ ਕਰਵਾਏ ਗਏ ਤਾਂ ਉਹ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਆਗੂਆਂ ਨੇ ਪ੍ਰਸ਼ਾਸਨ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੂਟਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਦਾ ਪੱਖ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮਾਮਲਾ ਨਗਰ ਕੌਂਸਲ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪਾਸ ਕਰਵਾਇਆ ਜਾਵੇਗਾ ਅਤੇ ਮਤੇ ਦੀ ਪ੍ਰਵਾਨਗੀ ਉਪਰੰਤ ਟ੍ਰੀ-ਗਾਰਡ ਲਗਾਉਣ ਦਾ ਕੰਮ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇਗਾ।