Skip to content

ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਐੱਸਐੱਸਪੀ ਦਫ਼ਤਰ ਅੱਗੇ ਧਰਨਾ

ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਐੱਸਐੱਸਪੀ ਦਫ਼ਤਰ ਅੱਗੇ ਧਰਨਾ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, ਸੰਜੀਵ ਮਲਹੋਤਰਾ: ਰਾਏਕੋਟ ਇਲਾਕੇ ਦੇ ਪਿੰਡ ਕਲਸੀਆਂ ਨਾਲ ਸਬੰਧਤ ਇੱਕ ਵਿਆਹ ਮਾਮਲੇ ਵਿੱਚ ਕਥਿਤ ਤੌਰ ’ਤੇ ਪੁਲਿਸ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਵੱਲੋਂ ਐੱਸਐੱਸਪੀ ਲੁਧਿਆਣਾ ਦਿਹਾਤੀ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਸੜਕ ’ਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂਆਂ ਅਨੁਸਾਰ, ਪਿੰਡ ਕਲਸੀਆਂ ਨਾਲ ਸਬੰਧਤ ਇੱਕ ਪਰਿਵਾਰ ਦੀ ਕੈਨੇਡਾ ਰਹਿੰਦੀ ਧੀ ਦਾ ਵਿਆਹ ਇੱਕ ਨੌਜਵਾਨ ਨਾਲ ਹੋਇਆ ਸੀ। ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਕਿ ਵਿਆਹ ਤੋਂ ਪਹਿਲਾਂ ਨੌਜਵਾਨ ਵੱਲੋਂ ਵਿਆਹ ਨਾ ਹੋਣ ਦੀ ਸੂਰਤ ਵਿੱਚ ਜਾਨ ਦੇਣ ਅਤੇ ਪਰਿਵਾਰ ਨੂੰ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਲੜਕੀ ਭਾਰਤ ਵਾਪਸ ਆਈ ਅਤੇ ਦੋਵਾਂ ਦਾ ਵਿਆਹ ਹੋਇਆ।

ਪਰਿਵਾਰ ਦਾ ਦਾਅਵਾ ਹੈ ਕਿ ਵਿਆਹ ਤੋਂ ਲਗਭਗ 17 ਦਿਨ ਬਾਅਦ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਘਰ ਤੋਂ ਕੱਢ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦੇਣ ਦੇ ਬਾਵਜੂਦ ਲਗਭਗ ਤਿੰਨ ਮਹੀਨਿਆਂ ਤੋਂ ਮਾਮਲੇ ਵਿੱਚ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ।

ਇਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਐੱਸਐੱਸਪੀ ਲੁਧਿਆਣਾ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ।

ਜਥੇਬੰਦੀ ਦੇ ਵਫ਼ਦ ਅਨੁਸਾਰ, ਐੱਸਪੀ (ਐੱਚ) ਸਰਵਣਜੀਤ ਸਿੰਘ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਕਿਸਾਨ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਇਸ ਮੌਕੇ ਰਾਜਵੀਰ ਸਿੰਘ ਘੁਡਾਣੀ, ਹਰਬਖਸ਼ੀਸ਼ ਸਿੰਘ ਚੱਕ ਭਾਈਕਾ, ਦਰਸ਼ਨ ਸਿੰਘ ਉੱਗੋਕੇ, ਮਨਜਿੰਦਰ ਸਿੰਘ ਮੋਰਕਰੀਮਾ ਸਮੇਤ ਹੋਰ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।