Skip to content

ਜਗਰਾਉਂ ਵਿੱਚ ਪੰਜਾਬੀ ਮਾਂ ਬੋਲੀ ਲਈ ਚੇਤਨਾ ਰੈਲੀ

ਜਗਰਾਉਂ ਵਿੱਚ ਪੰਜਾਬੀ ਮਾਂ ਬੋਲੀ ਲਈ ਚੇਤਨਾ ਰੈਲੀ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੇ ਘਰਾਂ ਵਿੱਚ ਪੰਜਾਬੀ ਬੋਲਣ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦੀ ਕੀਤੀ ਅਪੀਲ

ਜਗਰਾਉਂ, 23 ਸਤੰਬਰ: ਵਿਸ਼ਵ ਪੰਜਾਬੀ ਦਿਵਸ ਮੌਕੇ ਜਗਰਾਉਂ ਦੇ ਰਾਣੀ ਝਾਂਸੀ ਚੌਕ ਵਿੱਚ ਸਥਾਨਕ ਪੰਜਾਬੀ ਪ੍ਰੇਮੀਆਂ ਅਤੇ ਸਾਹਿਤਕਾਰਾਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਚੇਤਨਾ ਰੈਲੀ ਕੱਢੀ ਗਈ। ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬੀ ਭਾਸ਼ਾ ਪ੍ਰਤੀ ਮਾਣ ਪ੍ਰਗਟ ਕਰਦਿਆਂ ਘਰਾਂ ਵਿੱਚ ਪੰਜਾਬੀ ਬੋਲਣ ਅਤੇ ਬੱਚਿਆਂ ਨਾਲ ਵੀ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਅਪੀਲ ਕੀਤੀ।

ਚੇਤੰਨ ਪੰਜਾਬੀ ਗੁਰਪ੍ਰੀਤ ਸਿੰਘ ਦੇ ਸੱਦੇ 'ਤੇ ਇਕੱਠੇ ਹੋਏ ਪੰਜਾਬੀ ਪ੍ਰੇਮੀਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬੋਲੀ ਜਾਣ ਵਾਲੀ ਮਹੱਤਵਪੂਰਨ ਭਾਸ਼ਾ ਹੈ। ਉਨ੍ਹਾਂ ਵੱਲੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਬੰਧੀ ਵੱਖ-ਵੱਖ ਅੰਕੜੇ ਵੀ ਸਾਂਝੇ ਕੀਤੇ ਗਏ।

ਇਸ ਮੌਕੇ ਉੱਘੇ ਸਾਹਿਤਕਾਰ ਹਰਬੰਸ ਸਿੰਘ ਅਖਾੜਾ ਅਤੇ ਮਾਸਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਅਤੇ ਅਦਾਲਤਾਂ ਵਿੱਚ ਕੰਮ ਪੰਜਾਬੀ ਵਿੱਚ ਕਰਨ ਸਬੰਧੀ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਉਨ੍ਹਾਂ ਮੁਤਾਬਕ ਅਮਲ ਦੇ ਪੱਧਰ 'ਤੇ ਇਸ ਦਿਸ਼ਾ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨਾਲ ਜੁੜਾਅ ਕੌਮ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨਾਲ ਸਿੱਧਾ ਸਬੰਧ ਰੱਖਦਾ ਹੈ।

ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬੀ ਪਰਿਵਾਰਾਂ, ਖ਼ਾਸ ਕਰਕੇ ਮੱਧਵਰਗੀ ਅਤੇ ਅਮੀਰ ਪਰਿਵਾਰਾਂ ਵਿੱਚ ਹਿੰਦੀ ਬੋਲਣ ਨੂੰ ਉੱਚੇ ਦਰਜੇ ਨਾਲ ਜੋੜਨ ਦੀ ਪ੍ਰਵਿਰਤੀ ਵਧ ਰਹੀ ਹੈ। ਉਨ੍ਹਾਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਦਾ ਜ਼ਿਕਰ ਕਰਦਿਆਂ ਪੰਜਾਬ ਭਰ ਦੇ ਸ਼ਹਿਰਾਂ ਵਿੱਚ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਣਾ ਲਾਜ਼ਮੀ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਇਸ ਮੌਕੇ ਗੁਰਜੀਤ ਸਹੋਤਾ, ਕੈਪਟਨ ਨਰੇਸ਼ ਵਰਮਾ, ਰਾਜਪਾਲ ਜੈਨ, ਸੋਨੀ ਮੱਕੜ, ਸਤਪਾਲ ਦੇਹੜਕਾ, ਮੇਜਰ ਸਿੰਘ ਛੀਨਾ, ਜਗਦੀਸ਼ ਮਹਿਤਾ, ਸਤਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਭਾਗ ਸਿੰਘ, ਅਸ਼ੋਕ ਭੰਡਾਰੀ ਅਤੇ ਮਨੋਹਰ ਸਿੰਘ ਟੱਕਰ ਸਮੇਤ ਹੋਰ ਪੰਜਾਬੀ ਪ੍ਰੇਮੀ ਹਾਜ਼ਰ ਸਨ।