Skip to content

ਡੀਜ਼ਲ ਖਰਚ ਤੇ ਲਾਗਬੁੱਕ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ’ਚ ਸਵਾਲ

ਡੀਜ਼ਲ ਖਰਚ ਤੇ ਲਾਗਬੁੱਕ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ’ਚ ਸਵਾਲ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਤੇਲ ਖਰਚ ਦੀ ਜਾਂਚ ਦੀ ਮੰਗ ਕੀਤੀ, ਈਓ ਨੇ ਦੋਸ਼ ਨਕਾਰੇ

ਜਗਰਾਉਂ, 1 ਸਤੰਬਰ ਸੰਜੀਵ ਮਲਹੋਤਰਾ 

ਜਗਰਾਉਂ ਨਗਰ ਕੌਂਸਲ ਵਿੱਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡੀਜ਼ਲ ਖਰਚ ਅਤੇ ਉਨ੍ਹਾਂ ਦੀ ਲਾਗਬੁੱਕ ਨੂੰ ਲੈ ਕੇ ਮੰਗਲਵਾਰ ਨੂੰ ਉਸ ਸਮੇਂ ਸਵਾਲ ਖੜ੍ਹੇ ਹੋ ਗਏ ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਅਚਾਨਕ ਨਗਰ ਕੌਂਸਲ ਦਫ਼ਤਰ ਪਹੁੰਚੇ। ਉਨ੍ਹਾਂ ਨੇ ਅਧਿਕਾਰੀਆਂ ਤੋਂ ਗੱਡੀਆਂ ਵਿੱਚ ਵਰਤੇ ਜਾ ਰਹੇ ਡੀਜ਼ਲ ਦੇ ਖਰਚ ਅਤੇ ਰੋਜ਼ਾਨਾ ਦਰਜ ਕੀਤੀ ਜਾਣ ਵਾਲੀ ਲਾਗਬੁੱਕ ਸਬੰਧੀ ਜਾਣਕਾਰੀ ਮੰਗੀ। ਇਸ ਦੌਰਾਨ ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਬਾਅਦ ਵਿੱਚ ਈਓ ਨੇ ਕਿਹਾ ਕਿ ਉਹ ਲੁਧਿਆਣਾ ਵਿੱਚ ਮੀਟਿੰਗ ਲਈ ਗਏ ਹੋਏ ਸਨ ਅਤੇ ਲਾਗਬੁੱਕ ਰੋਜ਼ਾਨਾ ਅਪਡੇਟ ਹੁੰਦੀ ਹੈ। ਉਨ੍ਹਾਂ ਨੇ ਜੱਗਾ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ।

ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡੀਜ਼ਲ ਖਰਚ ਅਤੇ ਉਨ੍ਹਾਂ ਦੀ ਲਾਗਬੁੱਕ ਸਬੰਧੀ ਅਧਿਕਾਰੀਆਂ ਤੋਂ ਜਵਾਬ ਮੰਗਿਆ। ਅਧਿਕਾਰੀਆਂ ਵੱਲੋਂ ਈਓ ਦੇ ਕਦੇ ਮੀਟਿੰਗ ਅਤੇ ਕਦੇ ਫੀਲਡ ਵਿੱਚ ਹੋਣ ਦੀ ਗੱਲ ਕਹੇ ਜਾਣ ’ਤੇ ਜੱਗਾ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉਠਾਏ।

ਜੱਗਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀਆਂ ਕੂੜਾ ਚੁੱਕਣ ਵਾਲੀਆਂ ਛੋਟੀਆਂ ਗੱਡੀਆਂ ਦੀ ਔਸਤ ਕਰੀਬ 20 ਕਿਲੋਮੀਟਰ ਪ੍ਰਤੀ ਲੀਟਰ ਤੋਂ ਵੱਧ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਹਿਸਾਬ ਨਾਲ ਸ਼ਹਿਰ ਵਿੱਚੋਂ ਕੂੜਾ ਚੁੱਕ ਕੇ ਡੰਪ ਤੱਕ ਪਹੁੰਚਾਉਣ ਵਾਲੀ ਇੱਕ ਗੱਡੀ ’ਤੇ ਕਰੀਬ 300 ਰੁਪਏ ਦਾ ਡੀਜ਼ਲ ਖਰਚ ਹੋਣਾ ਚਾਹੀਦਾ ਹੈ, ਜਦਕਿ ਉਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਕਥਿਤ ਤੌਰ ’ਤੇ ਇੱਕ ਛੋਟੀ ਗੱਡੀ ’ਤੇ ਰੋਜ਼ਾਨਾ ਕਰੀਬ 1,000 ਰੁਪਏ ਦਾ ਤੇਲ ਖਰਚ ਦਰਸਾਇਆ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਕੋਲ ਕੂੜਾ ਚੁੱਕਣ ਲਈ ਕਰੀਬ ਅੱਠ ਛੋਟੀਆਂ ਗੱਡੀਆਂ ਹਨ, ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਲਦੀਆਂ ਹਨ। ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਗੱਡੀਆਂ ਦੇ ਰੋਜ਼ਾਨਾ ਡੀਜ਼ਲ ਖਰਚ, ਤੈਅ ਕੀਤੇ ਰੂਟ, ਚੱਲੇ ਕਿਲੋਮੀਟਰ ਅਤੇ ਲਾਗਬੁੱਕ ਵਿੱਚ ਦਰਜ ਵੇਰਵਿਆਂ ਦੀ ਜਾਂਚ ਦੀ ਮੰਗ ਕੀਤੀ।

ਲਾਗਬੁੱਕ ਦਿਖਾਉਣ ਦੀ ਕੀਤੀ ਮੰਗ:

ਜੱਗਾ ਅਨੁਸਾਰ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਤੋਂ ਗੱਡੀਆਂ ਦੀ ਲਾਗਬੁੱਕ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਨੂੰ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦਾਅਵਾ ਕੀਤਾ ਕਿ ਅਧਿਕਾਰੀ ਇਸ ਮਾਮਲੇ ਦੀ ਜ਼ਿੰਮੇਵਾਰੀ ਇੱਕ-ਦੂਜੇ ’ਤੇ ਪਾਉਂਦੇ ਨਜ਼ਰ ਆਏ ਅਤੇ ਕਿਹਾ ਗਿਆ ਕਿ ਕੂੜੇ ਦੇ ਠੇਕੇ ਅਤੇ ਇਸ ਨਾਲ ਸਬੰਧਤ ਜਾਣਕਾਰੀ ਐਮਈ ਕੋਲ ਹੈ।

ਸਾਬਕਾ ਵਿਧਾਇਕ ਨੇ ਸਵਾਲ ਉਠਾਇਆ ਕਿ ਜੇਕਰ ਗੱਡੀਆਂ ਦੀ ਲਾਗਬੁੱਕ ਵਿੱਚ ਰੋਜ਼ਾਨਾ ਚੱਲੇ ਕਿਲੋਮੀਟਰ, ਗੱਡੀ ਦੀ ਵਰਤੋਂ ਅਤੇ ਤੇਲ ਸਬੰਧੀ ਪੂਰਾ ਵੇਰਵਾ ਦਰਜ ਹੁੰਦਾ ਹੈ ਤਾਂ ਇਹ ਰਿਕਾਰਡ ਦਿਖਾਉਣ ਵਿੱਚ ਕੀ ਦਿੱਕਤ ਹੈ। ਉਨ੍ਹਾਂ ਕਿਹਾ ਕਿ ਲਾਗਬੁੱਕ ਅਤੇ ਤੇਲ ਖਰਚ ਦੇ ਰਿਕਾਰਡ ਦੀ ਜਾਂਚ ਨਾਲ ਸਥਿਤੀ ਸਪੱਸ਼ਟ ਹੋ ਸਕਦੀ ਹੈ।

ਜੱਗਾ ਨੇ ਇਹ ਸਵਾਲ ਵੀ ਉਠਾਇਆ ਕਿ ਜੇਕਰ ਨਗਰ ਕੌਂਸਲ ਵੱਲੋਂ ਰੋਜ਼ਾਨਾ ਸ਼ਹਿਰ ਵਿੱਚੋਂ ਕੂੜਾ ਚੁੱਕ ਕੇ ਡੰਪ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਸ਼ਹਿਰ ਵਿੱਚ ਕੂੜੇ ਦੇ ਢੇਰ ਘਟਦੇ ਕਿਉਂ ਨਹੀਂ ਦਿਖਾਈ ਦੇ ਰਹੇ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਅਤੇ ਈਓ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।

ਅਧਿਕਾਰਿਕ/ਨਗਰ ਕੌਂਸਲ ਵਰਜਨ:

ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਇੱਕ ਮੀਟਿੰਗ ਦੇ ਸਿਲਸਿਲੇ ਵਿੱਚ ਗਏ ਹੋਏ ਸਨ। ਸਾਬਕਾ ਵਿਧਾਇਕ ਵੱਲੋਂ ਲਗਾਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਈਓ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਲਾਗਬੁੱਕ ਰੋਜ਼ਾਨਾ ਅਪਡੇਟ ਹੁੰਦੀ ਹੈ।

ਈਓ ਨੇ ਸਾਬਕਾ ਵਿਧਾਇਕ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਦੇ ਬਾਵਜੂਦ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।