ਸਿੱਧਵਾਂ ਬੇਟ (ਜਗਰਾਉਂ): ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਅਧਿਆਪਕ ਦਿਵਸ ਉਤਸ਼ਾਹ ਅਤੇ ਖੁਸ਼ੀ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ।
ਸਮਾਗਮ ਦੌਰਾਨ ਅਧਿਆਪਕਾਂ ਲਈ ਵੱਖ-ਵੱਖ ਖੇਡਾਂ ਅਤੇ ਗੀਤਾਂ ’ਤੇ ਡਾਂਸ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਅਧਿਆਪਕਾਂ ਦੀਆਂ ਖੇਡਾਂ ਅਤੇ ਡਾਂਸ ਦਾ ਖੂਬ ਆਨੰਦ ਮਾਣਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਅਧਿਆਪਕਾਂ ਨੂੰ ਵਿਦਿਆਰਥੀਆਂ ਵੱਲੋਂ ਇਨਾਮ ਵੀ ਦਿੱਤੇ ਗਏ।
ਪ੍ਰਿੰਸੀਪਲ ਮਿਸਿਜ਼ ਮੋਨਾ ਠਾਕੁਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸਤੰਬਰ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਇੱਕ ਮਹਾਨ ਅਧਿਆਪਕ, ਦਾਰਸ਼ਨਿਕ ਅਤੇ ਸਿੱਖਿਆਵਿਦ ਸਨ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਸਕੂਲ ਪ੍ਰਬੰਧਕੀ ਕਮੇਟੀ ਨੇ ਸਮੂਹ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਬੰਧਕਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪਿਆਰ, ਲਗਨ ਅਤੇ ਸਮਰਪਣ ਨਾਲ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਅਧਿਆਪਕਾਂ ਲਈ ਸਿਨੇਮਾ ਹਾਲ ਵਿੱਚ ਫਿਲਮ ਦਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਦੇ ਸਕੂਲੀ ਮਾਹੌਲ ਤੋਂ ਵੱਖਰਾ ਮਨੋਰੰਜਕ ਸਮਾਂ ਮਿਲ ਸਕੇ।
ਇਸ ਮੌਕੇ ਸਕੂਲ ਦੇ ਚੇਅਰਮੈਨ ਸਨੀ ਅਰੋੜਾ, ਪ੍ਰੈਜ਼ੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਸਮੇਤ ਸਕੂਲ ਪ੍ਰਬੰਧਨ ਦੇ ਮੈਂਬਰ ਮੌਜੂਦ ਸਨ।