Skip to content

ਪੰਜਾਬ ਦੀ ਖੇਤੀਬਾੜੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਚੁੱਕੇ ਸਵਾਲ

ਪੰਜਾਬ ਦੀ ਖੇਤੀਬਾੜੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਚੁੱਕੇ ਸਵਾਲ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਸਿੱਧਵਾਂ ਬੇਟ ਬਲਾਕ ਦੀ ਮੀਟਿੰਗ ਵਿੱਚ ਚੰਡੀਗੜ੍ਹ ਧਰਨੇ ਲਈ ਲਾਮਬੰਦੀ ਦੀ ਬਣਾਈ ਯੋਜਨਾ

ਸਿੱਧਵਾਂ ਬੇਟ: ਸੰਜੀਵ ਮਲਹੋਤਰਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀਆਂ ਇਕਾਈਆਂ ਦੀ ਮੀਟਿੰਗ ਪਿੰਡ ਅਮਰਗੜ੍ਹ ਕਲੇਰ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਦੀ ਹਦਾਇਤ ਅਨੁਸਾਰ ਚੰਡੀਗੜ੍ਹ ਧਰਨੇ ਵਿੱਚ ਸ਼ਮੂਲੀਅਤ ਲਈ ਵਿਉਂਤਬੰਦੀ ਕੀਤੀ ਗਈ।

ਮੀਟਿੰਗ ਦੌਰਾਨ ਪਿੰਡ-ਪਿੰਡ ਕਿਸਾਨਾਂ ਦੀ ਲਾਮਬੰਦੀ ਕਰਨ ਦੇ ਨਾਲ ਫੰਡ ਅਤੇ ਰਾਸ਼ਨ ਇਕੱਠਾ ਕਰਨ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਬਲਾਕ ਕਮੇਟੀ ਮੈਂਬਰ ਜਗਵਿੰਦਰ ਸਿੰਘ ਤੂਰ ਅਤੇ ਚਰਨਜੀਤ ਸਿੰਘ ਸੇਖਦੋਲਤ ਨੇ ਮੋੜ ਇਲਾਕੇ ਦੇ ਕੁਝ ਪਿੰਡਾਂ ਦੀ ਕਥਿਤ ਡ੍ਰੋਨ ਰਾਹੀਂ ਮੈਪਿੰਗ ਕੀਤੇ ਜਾਣ ਦਾ ਮੁੱਦਾ ਉਠਾਉਂਦਿਆਂ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਇਸ ਕਾਰਵਾਈ ਨੂੰ ਸਰਕਾਰ ਦੀ ਕਥਿਤ ਧੱਕੇਸ਼ਾਹੀ ਕਰਾਰ ਦਿੱਤਾ।

ਕਮੇਟੀ ਮੈਂਬਰ ਗੁਰਸੇਵਕ ਸਿੰਘ ਕਲੇਰ ਅਤੇ ਜਸਵੀਰ ਸਿੰਘ ਲੀਲਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਛੇ ਕਲੱਸਟਰ ਬਣਾਕੇ ਵੱਡੀਆਂ ਸਾਮਰਾਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਵੱਡੀ ਮਾਤਰਾ ਵਿੱਚ ਖੇਤੀਬਾੜੀ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਸਰਵੇ ਨਾਲ ਸਬੰਧਤ ਜਾਣਕਾਰੀ ਤੁਰੰਤ ਜਨਤਕ ਕੀਤੀ ਜਾਵੇ।

ਮੀਟਿੰਗ ਵਿੱਚ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਗਿਆ। ਮਤੇ ਰਾਹੀਂ ਮਾਮਲੇ ਦੀ ਨਿਰਪੱਖ ਪੜਤਾਲ ਅਤੇ ਆਡਿਟ ਕਰਵਾਉਣ ਦੀ ਮੰਗ ਕੀਤੀ ਗਈ।

ਇੱਕ ਹੋਰ ਮਤੇ ਰਾਹੀਂ ਖੰਡ, ਸਰ੍ਹੋਂ ਦੇ ਤੇਲ, ਰਸੋਈ ਗੈਸ, ਪੈਟਰੋਲ-ਡੀਜ਼ਲ ਅਤੇ ਹੋਰ ਆਮ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਐਨਪੀਕੇ ਖਾਦ ਦੀਆਂ ਕੀਮਤਾਂ ਵਿੱਚ ਦੱਸੇ ਗਏ ₹1,100 ਦੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।

ਮੀਟਿੰਗ ਵਿੱਚ ਹਾਜ਼ਰ ਪਿੰਡ ਇਕਾਈਆਂ ਵੱਲੋਂ 1 ਸਤੰਬਰ ਨੂੰ ਟਰਾਲੀਆਂ ਰਾਹੀਂ ਚੰਡੀਗੜ੍ਹ ਪਹੁੰਚਣ ਦਾ ਫੈਸਲਾ ਕੀਤਾ ਗਿਆ।