Skip to content

ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਰਤੇ ਕਾਵੜੀਆਂ ਦਾ ਜਗਰਾਉਂ ਵਿੱਚ ਸ਼ਰਧਾ ਭਰਿਆ ਸਵਾਗਤ

ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਰਤੇ ਕਾਵੜੀਆਂ ਦਾ ਜਗਰਾਉਂ ਵਿੱਚ ਸ਼ਰਧਾ ਭਰਿਆ ਸਵਾਗਤ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਸ਼ੋਭਾ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ, "ਬੋਲ ਬਮ" ਅਤੇ "ਹਰ ਹਰ ਮਹਾਦੇਵ" ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

ਜਗਰਾਉਂ,ਸੰਜੀਵ ਮਲਹੋਤਰਾ
ਸਾਵਣ ਮਹੀਨੇ ਦੀਆਂ ਧਾਰਮਿਕ ਪਰੰਪਰਾਵਾਂ ਨੂੰ ਨਿਭਾਉਂਦੇ ਹੋਏ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਰਤੇ ਜੈ ਮਹਾਕਾਲ ਡਾਕ ਕਾਵੜ ਸੰਘ, ਜਗਰਾਉਂ ਦੇ ਕਾਵੜੀਆਂ ਦਾ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਅਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਸ਼ਹਿਰ ਵਿੱਚ ਨਿਕਲੀ ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਥਾਵਾਂ 'ਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਕਾਵੜੀਆਂ ਦਾ ਅਭਿਨੰਦਨ ਕੀਤਾ, ਜਦਕਿ "ਬੋਲ ਬਮ" ਅਤੇ "ਹਰ ਹਰ ਮਹਾਦੇਵ" ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਸ਼ਿਵ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।


ਸੰਘ ਦੇ ਮੈਂਬਰਾਂ ਅਨੁਸਾਰ ਕਾਵੜ ਯਾਤਰਾ ਲਈ ਜੱਥਾ 6 ਅਗਸਤ ਨੂੰ ਜਗਰਾਉਂ ਤੋਂ ਹਰਿਦੁਆਰ ਰਵਾਨਾ ਹੋਇਆ ਸੀ। ਲਗਾਤਾਰ ਪੈਦਲ ਯਾਤਰਾ ਕਰਦਿਆਂ ਕਾਵੜੀਆਂ ਨੇ ਗੰਗਾ ਨਦੀ ਤੋਂ ਪਵਿੱਤਰ ਜਲ ਭਰਿਆ ਅਤੇ ਧਾਰਮਿਕ ਰੀਤਾਂ ਅਨੁਸਾਰ ਉਸ ਨੂੰ ਸੁਰੱਖਿਅਤ ਰੱਖਦੇ ਹੋਏ ਜਗਰਾਉਂ ਵਾਪਸ ਪਹੁੰਚੇ। ਇਸ ਯਾਤਰਾ ਨੂੰ ਭਗਤੀ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।


ਸ਼ਹਿਰ ਵਿੱਚ ਪ੍ਰਵੇਸ਼ ਕਰਨ ਉਪਰੰਤ ਕਾਵੜੀਆਂ ਦੀ ਸ਼ੋਭਾ ਯਾਤਰਾ ਵੱਖ ਵੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਪੁਰਾਣੀ ਦਾਣਾ ਮੰਡੀ ਸਥਿਤ ਮੰਦਰ ਪਹੁੰਚੀ। ਇਸ ਤੋਂ ਬਾਅਦ ਪਵਿੱਤਰ ਗੰਗਾ ਜਲ ਨਾਲ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕੀਤਾ ਗਿਆ। ਇਨ੍ਹਾਂ ਵਿੱਚ ਸ੍ਰੀ ਬਾਲਾ ਜੀ ਧਾਮ, ਗੀਤਾ ਪ੍ਰਚਾਰ ਮੰਦਰ (ਡਿਸਪੋਜ਼ਲ ਰੋਡ), ਸ੍ਰੀ ਸ਼ਕਤੀ ਬੁਆ ਬਾਵਾ ਮੰਦਰ (ਗੋਬਿੰਦ ਕਲੋਨੀ) ਅਤੇ ਸ਼ਿਵ ਮੰਦਰ (ਸ਼ਾਸਤਰੀ ਨਗਰ) ਸਮੇਤ ਹੋਰ ਧਾਰਮਿਕ ਸਥਾਨ ਸ਼ਾਮਲ ਰਹੇ।


ਜਲ ਅਭਿਸ਼ੇਕ ਤੋਂ ਬਾਅਦ ਕਾਵੜੀਆਂ ਅਤੇ ਸ਼ਰਧਾਲੂਆਂ ਨੇ ਹਵਨ, ਪੂਜਾ-ਅਰਚਨਾ ਅਤੇ ਭਜਨ-ਕੀਰਤਨ ਵਿੱਚ ਸ਼ਿਰਕਤ ਕਰਕੇ ਲੋਕ ਭਲਾਈ, ਦੇਸ਼ ਦੀ ਤਰੱਕੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੌਰਾਨ ਧਾਰਮਿਕ ਅਨੁਸ਼ਾਸਨ ਅਤੇ ਸੇਵਾ ਭਾਵਨਾ ਦੀ ਵਿਸ਼ੇਸ਼ ਝਲਕ ਵੇਖਣ ਨੂੰ ਮਿਲੀ।


ਇਸ ਮੌਕੇ ਹਰੀ ਓਮ, ਹਰਸ਼ ਸਿੰਗਲਾ, ਸੁਨੀਲ ਸਿੰਗਲਾ (ਸ਼ੀਲਾ), ਰਾਜੂ ਕਪੂਰ, ਕ੍ਰਿਸ਼ਨਾ ਸਿੰਗਲਾ ਸਮੇਤ ਸੰਘ ਦੇ ਮੈਂਬਰ, ਸ਼ਿਵ ਭਗਤ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ।