Skip to content

ਸਰਪੰਚਾਂ ਤੋਂ ਬਾਅਦ ਹੁਣ ਨੰਬਰਦਾਰਾਂ ਨੇ ਵੀ 10 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤੇ ਦੀ ਕੀਤੀ ਮੰਗ

ਸਰਪੰਚਾਂ ਤੋਂ ਬਾਅਦ ਹੁਣ ਨੰਬਰਦਾਰਾਂ ਨੇ ਵੀ 10 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤੇ ਦੀ ਕੀਤੀ ਮੰਗ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਨੇ ਕਿਹਾ, ਨੰਬਰਦਾਰਾਂ ਦੀਆਂ ਸੇਵਾਵਾਂ ਅਨੁਸਾਰ ਸਨਮਾਨਜਨਕ ਮਾਣ-ਭੱਤਾ ਦਿੱਤਾ ਜਾਵੇ

ਜਗਰਾਉਂ/ਦਰਪਣ ਨਿਊਜ਼ ਡੈਸਕ:

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਪੰਚਾਂ ਲਈ 15 ਅਗਸਤ ਤੋਂ 10 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤਾ ਦੇਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਨੰਬਰਦਾਰਾਂ ਨੇ ਵੀ ਆਪਣੇ ਮਾਣ-ਭੱਤੇ ਵਿੱਚ ਵਾਧੇ ਦੀ ਮੰਗ ਮੁੜ ਉਠਾਈ ਹੈ।

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਮੁੱਖ ਮੰਤਰੀ ਅਤੇ ਸਬੰਧਤ ਮੰਤਰੀਆਂ ਨੂੰ ਕਈ ਵਾਰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਨੰਬਰਦਾਰਾਂ ਦੇ ਮਾਣ-ਭੱਤੇ ਵਿੱਚ ਵਾਜਬ ਵਾਧੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ।

ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਮੌਜੂਦਾ ਸਮੇਂ ਨੰਬਰਦਾਰਾਂ ਨੂੰ ਮਿਲ ਰਿਹਾ ਮਾਣ-ਭੱਤਾ ਉਨ੍ਹਾਂ ਦੀਆਂ ਪ੍ਰਸ਼ਾਸਕੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਪਿੰਡ ਪੱਧਰ 'ਤੇ ਮਾਲ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਨਾਲ ਸਬੰਧਤ ਕਈ ਮਹੱਤਵਪੂਰਨ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਲੋਕਾਂ ਤੇ ਪ੍ਰਸ਼ਾਸਨ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਸੇਵਾ ਕਰਦੇ ਹਨ।

ਉਨ੍ਹਾਂ ਨੇ ਸਰਪੰਚਾਂ ਲਈ 10 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤਾ ਦੇਣ ਦੇ ਸਰਕਾਰੀ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਨੰਬਰਦਾਰਾਂ ਨੂੰ ਵੀ 10 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤਾ ਦਿੱਤਾ ਜਾਣਾ ਚਾਹੀਦਾ ਹੈ।

ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਮਾਣ-ਭੱਤੇ ਵਿੱਚ ਵਾਧੇ ਬਾਰੇ ਜਲਦ ਫ਼ੈਸਲਾ ਲਿਆ ਜਾਵੇ।