ਜਗਰਾਉਂ, 17 ਸਤੰਬਰ: ਮਾਤਾ ਚਿੰਤਪੁਰਨੀ ਦੇ ਦਰਬਾਰ ਜਾਣ ਵਾਲੇ ਭਗਤਾਂ ਦੀ ਸੇਵਾ ਲਈ ਸ੍ਰੀ ਨਵ ਦੁਰਗਾ ਸੇਵਾ ਮੰਡਲ ਜਗਰਾਉਂ ਵੱਲੋਂ ਲਗਾਏ ਜਾ ਰਹੇ ਚਾਰ ਰੋਜ਼ਾ 25ਵੇਂ ਸਿਲਵਰ ਜੁਬਲੀ ਭੰਡਾਰੇ ਲਈ ਰਾਸ਼ਨ ਨਾਲ ਭਰੇ ਟਰੱਕ ਵੀਰਵਾਰ ਨੂੰ ਰਵਾਨਾ ਕੀਤੇ ਗਏ। ਸ੍ਰੀ ਦਵਾਰਕਾਧੀਸ਼ ਮੰਦਰ ਦੇ ਸੰਚਾਲਕ ਅਤੇ ਸਾਹਿਤਕਾਰ ਹਿਤੇਸ਼ ਮੁਨੀ ਨੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਨਾਰੀਅਲ ਨਾਲ ਟਰੱਕ ਰਵਾਨਾ ਕਰਨ ਦੀ ਰਸਮ ਅਦਾ ਕੀਤੀ।
ਮੰਡਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਭੰਡਾਰਾ ਵੀਰਵਾਰ ਸ਼ਾਮ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ, ਸ਼ਨੀਵਾਰ ਅਤੇ ਦੇਰ ਰਾਤ ਐਤਵਾਰ ਤੱਕ ਜਾਰੀ ਰਹੇਗਾ। ਭੰਡਾਰੇ ਵਿੱਚ ਭਗਤਾਂ ਲਈ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਮੈਡੀਕਲ ਜਾਂਚ ਕੈਂਪ ਅਤੇ ਸਾਈਕਲ ਮੁਰੰਮਤ ਕੈਂਪ ਵੀ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਭੰਡਾਰਾ ਦਾਨੀ ਸੱਜਣਾਂ ਅਤੇ ਮੰਡਲ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਮਾਤਾ ਚਿੰਤਪੁਰਨੀ ਜਾਣ ਵਾਲੇ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਜਾਂਦੇ ਅਤੇ ਵਾਪਸ ਆਉਂਦੇ ਸਮੇਂ ਭੰਡਾਰੇ ਵਿੱਚ ਸੇਵਾ ਗ੍ਰਹਿਣ ਕਰਨ ਅਤੇ ਸੰਭਵ ਹੋਣ ’ਤੇ ਵੱਧ ਤੋਂ ਵੱਧ ਸਮਾਂ ਹੱਥੀਂ ਸੇਵਾ ਕਰਨ।
ਇਸ ਮੌਕੇ ਲੰਮਿਆਂ ਵਾਲਾ ਬਾਗ ਤੋਂ ਝਾਂਸੀ ਚੌਂਕ ਤੱਕ ਸ਼ੋਭਾ ਯਾਤਰਾ ਕੱਢੀ ਗਈ। ਬੈਂਡ ਵਾਜਿਆਂ ਅਤੇ ਮਹਾਂਮਾਈ ਦੇ ਗੁਣਗਾਨ ਮਗਰੋਂ ਭਗਤਾਂ ਦਾ ਕਾਫ਼ਲਾ ਗੱਡੀਆਂ ਰਾਹੀਂ ਭੰਡਾਰੇ ਲਈ ਰਵਾਨਾ ਹੋਇਆ। ਸਮਾਗਮ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਸਮੇਤ ਮੰਡਲ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਭਗਤ ਹਾਜ਼ਰ ਸਨ।