Skip to content

ਜਗਰਾਉਂ ਪਹੁੰਚੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ, ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ

ਜਗਰਾਉਂ ਪਹੁੰਚੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ, ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਸਫਾਈ ਕਰਮਚਾਰੀਆਂ ਦੀਆਂ ਮੰਗਾਂ 'ਤੇ ਪ੍ਰਸ਼ਾਸਨ ਨਾਲ ਕੀਤੀ ਚਰਚਾ, ਐਸ.ਡੀ.ਐਮ. ਨੇ ਸਥਾਨਕ ਮਸਲੇ ਦੋ ਹਫ਼ਤਿਆਂ ਵਿੱਚ ਹੱਲ ਕਰਨ ਦਾ ਦਿੱਤਾ ਭਰੋਸਾ

ਜਗਰਾਉਂ (ਦਰਪਣ ਲੁਧਿਆਣਾ ਨਿਊਜ਼):

ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸੁਰਿੰਦਰ ਕਲਿਆਣ ਅੱਜ ਵਿਸ਼ੇਸ਼ ਤੌਰ 'ਤੇ ਜਗਰਾਉਂ ਪੁੱਜੇ, ਜਿੱਥੇ ਉਨ੍ਹਾਂ ਨੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਮਾਲੀ-ਬੇਲਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਜਗਰਾਉਂ ਬਾਦਲ ਦੀਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ (ਈ.ਓ.) ਮੋਹਿਤ ਸ਼ਰਮਾ ਵੀ ਮੌਜੂਦ ਸਨ।

​ਆਊਟਸੋਰਸਿੰਗ ਖ਼ਤਮ ਕਰਕੇ ਹੋਵੇਗੀ ਸਿੱਧੀ ਭਰਤੀ

​ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਚੇਅਰਮੈਨ ਸੁਰਿੰਦਰ ਕਲਿਆਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਫਾਈ ਕਰਮਚਾਰੀਆਂ ਲਈ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਆਊਟਸੋਰਸਿੰਗ ਸਿਸਟਮ ਨੂੰ ਖ਼ਤਮ ਕਰਕੇ ਸਿੱਧੀ ਭਰਤੀ ਕੀਤੀ ਜਾਵੇਗੀ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲੋਕਲ ਬਾਡੀਜ਼ ਮੰਤਰੀ ਵੱਲੋਂ ਮੀਟਿੰਗ ਕਰਕੇ ਕੈਬਨਿਟ ਵਿੱਚ ਮਤਾ ਵੀ ਪਾਸ ਕਰ ਦਿੱਤਾ ਗਿਆ ਹੈ।

​ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਦੇਸ਼ ਦੇ 'ਸੈਨਿਕ' ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਸਰਹੱਦ 'ਤੇ ਫੌਜੀ ਦੇਸ਼ ਦੀ ਰਾਖੀ ਕਰਦੇ ਹਨ, ਉਸੇ ਤਰ੍ਹਾਂ ਸਫਾਈ ਕਰਮਚਾਰੀ ਗੰਦਗੀ ਸਾਫ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕੀਤੀ ਕਿ ਕਮਿਸ਼ਨ ਵੱਲੋਂ ਸਫਾਈ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।

​ਦੋ ਹਫ਼ਤਿਆਂ 'ਚ ਹੱਲ ਹੋਣਗੀਆਂ ਸਥਾਨਕ ਸਮੱਸਿਆਵਾਂ: ਐਸ.ਡੀ.ਐਮ.

​ਇਸ ਮੌਕੇ ਐਸ.ਡੀ.ਐਮ. ਜਗਰਾਉਂ ਬਾਦਲ ਦੀਨ ਨੇ ਭਰੋਸਾ ਦਿਵਾਇਆ ਕਿ ਸਫਾਈ ਕਰਮਚਾਰੀਆਂ ਦੀਆਂ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਨੂੰ ਅਗਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਮਸਲੇ ਸਰਕਾਰ ਪੱਧਰ ਦੇ ਹਨ, ਉਨ੍ਹਾਂ ਲਈ ਮੀਟਿੰਗ ਵਿੱਚ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਸ਼ਹਿਰ ਦੇ ਕੂੜੇ ਦੇ ਡੰਪ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿੰਡ ਕਾਉਂਕੇ ਕਲਾਂ ਵਿਖੇ ਜਗ੍ਹਾ ਦੇਖੀ ਗਈ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਨੂੰ ਕਾਰਜਸ਼ੀਲ ਕਰਵਾਇਆ ਜਾਵੇਗਾ।

​ਜਗਰਾਉਂ ਨੂੰ ਬਣਾਇਆ ਜਾਵੇਗਾ 'ਡੰਪ ਮੁਕਤ': ਈ.ਓ. ਮੋਹਿਤ ਸ਼ਰਮਾ

​ਨਗਰ ਕੌਂਸਲ ਦੇ ਈ.ਓ. ਮੋਹਿਤ ਸ਼ਰਮਾ ਨੇ ਸ਼ਹਿਰ ਦੀ ਕੂੜੇ ਦੀ ਵੱਡੀ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੀ ਸਥਾਈ ਹੱਲ ਹੋਣ ਜਾ ਰਿਹਾ ਹੈ। ਪਿੰਡ ਕਾਉਂਕੇ ਵਿਖੇ 1.5 ਏਕੜ ਜਗ੍ਹਾ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਮਟੀਰੀਅਲ ਰਿਕਵਰੀ ਫੈਸਿਲਿਟੀ (MRF) ਅਤੇ ਸੈਨੇਟਰੀ ਲੈਂਡਫਿਲ ਸਾਈਟ (SLF) ਬਣਾਈ ਜਾਵੇਗੀ ਤਾਂ ਜੋ ਕੂੜੇ ਦੀ ਸਹੀ ਢੰਗ ਨਾਲ ਪ੍ਰੋਸੈਸਿੰਗ ਹੋ ਸਕੇ ਅਤੇ ਕੂੜਾ ਖਿਲਰਿਆ ਨਾ ਰਹੇ।

​ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 2 ਤੋਂ 4 ਮਹੀਨਿਆਂ ਦੇ ਵਿੱਚ-ਵਿੱਚ ਇਸ ਪ੍ਰੋਜੈਕਟ ਦਾ ਕੰਮ ਜ਼ਮੀਨੀ ਪੱਧਰ 'ਤੇ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਬਣੇ ਸਾਰੇ ਨਜਾਇਜ਼ ਡੰਪ ਖ਼ਤਮ ਕੀਤੇ ਜਾਣਗੇ, ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਜਗਰਾਉਂ ਸ਼ਹਿਰ ਨੂੰ ਪੂਰੀ ਤਰ੍ਹਾਂ ਕੂੜੇ ਦੇ ਡੰਪਾਂ ਤੋਂ ਮੁਕਤ ਕੀਤਾ ਜਾਵੇਗਾ।