ਜਗਰਾਉਂ, 18 ਮਈ — ਦਿਨੇਸ਼ ਸ਼ਰਮਾ/ ਸੰਜੀਵ ਮਲਹੋਤਰਾ
ਨਗਰ ਕੌਂਸਲ ਚੋਣਾਂ 2026 ਸਬੰਧੀ ਜਮ੍ਹਾਂ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਸੋਮਵਾਰ 18 ਮਈ ਨੂੰ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ। ਅਧਿਕਾਰਿਕ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਕੁੱਲ 110 ਨਾਮਜ਼ਦਗੀ ਪੱਤਰਾਂ ਵਿੱਚੋਂ 4 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਹੁਣ ਜਗਰਾਉਂ ਸ਼ਹਿਰ ਦੀਆਂ 23 ਵਾਰਡਾਂ ਲਈ ਚੋਣ ਮੈਦਾਨ ਵਿੱਚ 106 ਉਮੀਦਵਾਰ ਬਚੇ ਹਨ।
ਜਾਣਕਾਰੀ ਸਾਂਝੀ ਕਰਦਿਆਂ ਇੰਜੀਨੀਅਰ ਰਵੀ ਚੋਪੜਾ, ਆਰ.ਓ. ਮਿਊਂਸਪਲ ਕੌਂਸਲ ਚੋਣਾਂ ਜਗਰਾਉਂ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ 2026 ਲਈ ਕੁੱਲ 110 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕੀਤੀ ਗਈ ਜਾਂਚ ਦੌਰਾਨ 4 ਨਾਮਜ਼ਦਗੀਆਂ ਨੂੰ ਨਿਯਮਾਂ ਅਨੁਸਾਰ ਰੱਦ ਕੀਤਾ ਗਿਆ।
ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ਵਿੱਚ ਵਾਰਡ ਨੰਬਰ 1 ਤੋਂ ਸੁਖਵਿੰਦਰ ਸਿੰਘ ਬੀਲਾਂ (ਆਪ), ਵਾਰਡ ਨੰਬਰ 8 ਤੋਂ ਪਰਦੀਪ ਸਿੰਘ (ਆਜ਼ਾਦ), ਵਾਰਡ ਨੰਬਰ 11 ਤੋਂ ਸੁਖਮੰਦਰ ਸਿੰਘ (ਆਜ਼ਾਦ) ਅਤੇ ਵਾਰਡ ਨੰਬਰ 22 ਤੋਂ ਮਨਮੋਹਨ ਕੌਰ (ਆਜ਼ਾਦ) ਸ਼ਾਮਲ ਹਨ।
ਹੁਣ ਬਾਕੀ ਰਹਿੰਦੇ 106 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਉਣ ਵਾਲੀ 26 ਮਈ ਨੂੰ ਜਗਰਾਉਂ ਵਾਸੀਆਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਰਾਹੀਂ ਬੈਲਟ ਬਾਕਸ ਵਿੱਚ ਬੰਦ ਕੀਤਾ ਜਾਵੇਗਾ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਚੋਣ ਨਤੀਜੇ 29 ਮਈ ਨੂੰ ਦੇਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।
ਮਾਮਲੇ ਸਬੰਧੀ ਸੰਬੰਧਿਤ ਚੋਣ ਅਧਿਕਾਰੀਆਂ ਵੱਲੋਂ ਅਗਲੀ ਚੋਣੀ ਪ੍ਰਕਿਰਿਆ ਜਾਰੀ ਹੈ।