Skip to content

ਇੱਕ ਘਰ ਤੋਂ ਦੋ ਸਿਆਸੀ ਰਾਹ! 'ਆਪ' ਉਮੀਦਵਾਰ 'ਤੇ ਅੰਦਰੂਨੀ ਬਗਾਵਤ ਦੇ ਦੋਸ਼

ਇੱਕ ਘਰ ਤੋਂ ਦੋ ਸਿਆਸੀ ਰਾਹ! 'ਆਪ' ਉਮੀਦਵਾਰ 'ਤੇ ਅੰਦਰੂਨੀ ਬਗਾਵਤ ਦੇ ਦੋਸ਼
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਵਾਰਡ ਨੰਬਰ 10 ਤੋਂ ‘ਝਾੜੂ’ ਦੇ ਨਿਸ਼ਾਨ ’ਤੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਵਾਰਡ ਨੰਬਰ 5 ਵਿੱਚ ਆਜ਼ਾਦ ਉਮੀਦਵਾਰ ਦੇ ਪ੍ਰਚਾਰ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼

ਜਗਰਾਉਂ, 22 ਮਈ-ਨਗਰ ਕੌਂਸਲ ਚੋਣਾਂ 2026 ਦੀਆਂ ਤਰੀਕਾਂ ਨੇੜੇ ਆਉਣ ਨਾਲ ਜਗਰਾਉਂ ਦੀ ਸਿਆਸਤ ਵਿੱਚ ਅੰਦਰੂਨੀ ਖਿੱਚਤਾਣ ਅਤੇ ਸਿਆਸੀ ਸਮੀਕਰਨ ਲਗਾਤਾਰ ਬਦਲਦੇ ਦਿਖਾਈ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਤੇ ਸਿਆਸੀ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਨਾਲ ਜੁੜਿਆ ਇੱਕ ਮਾਮਲਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਵਿੱਚ ਪਾਰਟੀ ਦੇ ਹੀ ਇੱਕ ਉਮੀਦਵਾਰ ਦੀ ਦੋਹਰੀ ਸਿਆਸੀ ਭੂਮਿਕਾ ’ਤੇ ਸਵਾਲ ਉਠ ਰਹੇ ਹਨ।

ਮਾਮਲਾ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਕੰਵਰਪਾਲ ਸਿੰਘ ਡਿਪੋ ਵਾਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸਿਆਸੀ ਸੂਤਰਾਂ ਮੁਤਾਬਕ ਕੰਵਰਪਾਲ ਸਿੰਘ ਵੱਲੋਂ ਆਪਣੇ ਪਰਿਵਾਰ ਲਈ ਦੋ ਟਿਕਟਾਂ ਦੀ ਮੰਗ ਕੀਤੀ ਗਈ ਸੀ, ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਕੇਵਲ ਵਾਰਡ ਨੰਬਰ 10 ਤੋਂ ਟਿਕਟ ਦਿੱਤੀ ਗਈ।

ਇਸ ਤੋਂ ਬਾਅਦ ਵਾਰਡ ਨੰਬਰ 5 ਵਿੱਚ ਉਨ੍ਹਾਂ ਦੀ ਬੇਟੀ ਪਰਮਿੰਦਰ ਕੌਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਿੰਦਰ ਕੌਰ ਨੂੰ ‘ਟਰੈਕਟਰ’ ਚੋਣ ਨਿਸ਼ਾਨ ਮਿਲਿਆ ਹੈ ਅਤੇ ਚੋਣ ਪ੍ਰਚਾਰ ਵਿੱਚ ਕੰਵਰਪਾਲ ਸਿੰਘ ਦੀ ਸਰਗਰਮ ਭੂਮਿਕਾ ਵੀ ਦੇਖੀ ਜਾ ਰਹੀ ਹੈ।

ਸਥਾਨਕ ਸੂਤਰਾਂ ਅਨੁਸਾਰ ਵਾਰਡ ਨੰਬਰ 5 ਵਿੱਚ ਲੱਗੇ ਕੁਝ ਪ੍ਰਚਾਰ ਸਮੱਗਰੀ ਅਤੇ ਪੋਸਟਰਾਂ ’ਤੇ ਕੰਵਰਪਾਲ ਸਿੰਘ ਦੀ ਤਸਵੀਰ ਅਤੇ ਨਾਂ ਵੀ ਦਰਜ ਹੋਣ ਕਾਰਨ ਪਾਰਟੀ ਅੰਦਰ ਚਰਚਾਵਾਂ ਤੇਜ਼ ਹੋਈਆਂ ਹਨ। ਕੁਝ ਸਿਆਸੀ ਵਰਗ ਇਸਨੂੰ ਅੰਦਰੂਨੀ ਘਾਤ ਵਜੋਂ ਵੀ ਦੇਖ ਰਹੇ ਹਨ, ਹਾਲਾਂਕਿ ਇਸ ਸਬੰਧੀ ਪਾਰਟੀ ਪੱਧਰ ’ਤੇ ਅਧਿਕਾਰਿਕ ਵਿਸਥਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ।

ਇਸ ਮਾਮਲੇ ਸਬੰਧੀ ਜਦੋਂ ਸਥਾਨਕ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਸਭ ਲਈ ਇੱਕੋ ਜਿਹਾ ਹੈ ਅਤੇ ਜੇਕਰ ਕਿਸੇ ਵੱਲੋਂ ਪਾਰਟੀ ਮਰਯਾਦਾ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।

ਵਾਰਡ ਨੰਬਰ 5 ਵਿੱਚ ਪਰਮਿੰਦਰ ਕੌਰ ਦਾ ਮੁਕਾਬਲਾ ‘ਆਪ’ ਦੀ ਅਧਿਕਾਰਤ ਉਮੀਦਵਾਰ ਬੀਬੀ ਰਵਿੰਦਰ ਪਾਲ ਕੌਰ ਨਾਲ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇਹ ਚੋਣੀ ਟੱਕਰ ਹੋਰ ਵੀ ਦਿਲਚਸਪ ਬਣ ਗਈ ਹੈ। ਸਥਾਨਕ ਲੋਕਾਂ ਵੱਲੋਂ ਵੀ ਉਮੀਦਵਾਰਾਂ ਦੀ ਮੌਜੂਦਗੀ ਅਤੇ ਜਨਸੰਪਰਕ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ।

ਸਿਆਸੀ ਮਾਹਿਰਾਂ ਅਨੁਸਾਰ ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਅੰਦਰੂਨੀ ਰਣਨੀਤੀ ਅਤੇ ਅਨੁਸ਼ਾਸਨ ਲਈ ਇੱਕ ਮਹੱਤਵਪੂਰਨ ਚਰਚਾ ਬਣ ਸਕਦਾ ਹੈ। ਹੁਣ ਨਜ਼ਰ 26 ਮਈ ਨੂੰ ਹੋਣ ਵਾਲੀ ਵੋਟਿੰਗ ’ਤੇ ਟਿਕੀ ਹੋਈ ਹੈ ਕਿ ਜਨਤਾ ਇਸ ਸਿਆਸੀ ਸਥਿਤੀ ਨੂੰ ਕਿਵੇਂ ਵੇਖਦੀ ਹੈ।