ਜਗਰਾਉਂ, 24 ਅਪ੍ਰੈਲ (ਦਿਨੇਸ਼ ਸ਼ਰਮਾ)—ਨਗਰ ਕੌਂਸਲ ਜਗਰਾਉਂ ਵਿੱਚ ਸਫਾਈ ਸੇਵਕਾਂ ਦੀ ਡਿਊਟੀ ਵੰਡ ਨੂੰ ਲੈ ਕੇ ਉੱਠਿਆ ਮਾਮਲਾ ਅੱਜ ਉਸ ਵੇਲੇ ਗੰਭੀਰ ਰੂਪ ਧਾਰ ਗਿਆ, ਜਦੋਂ ਸਫਾਈ ਸੇਵਕਾਂ ਨੇ ਕੰਮਕਾਜ ਠੱਪ ਕਰਕੇ ਨਗਰ ਕੌਂਸਲ ਦਫਤਰ ਅੰਦਰ ਧਰਨਾ ਲਗਾ ਦਿੱਤਾ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਕੁਝ ਸਫਾਈ ਕਰਮਚਾਰੀਆਂ ਨੂੰ ਮੈਦਾਨੀ ਸਫਾਈ ਡਿਊਟੀ ਦੀ ਥਾਂ ਦਫਤਰੀ ਕੰਮਾਂ ’ਤੇ ਲਾਇਆ ਗਿਆ ਹੈ, ਜਿਸ ਕਾਰਨ ਬਾਕੀ ਕਰਮਚਾਰੀਆਂ ’ਤੇ ਕੰਮ ਦਾ ਬੋਝ ਵੱਧ ਗਿਆ ਹੈ।
ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਮੀਡੀਆ ਨਾਲ ਸਾਂਝੇ ਕੀਤੇ ਪ੍ਰੈਸ ਨੋਟ ਅਨੁਸਾਰ ਨਗਰ ਕੌਂਸਲ ਜਗਰਾਉਂ ਵਿੱਚ ਕਰੀਬ ਪੰਜ ਸਫਾਈ ਕਰਮਚਾਰੀ ਦਫਤਰੀ ਕੰਮਾਂ ’ਤੇ ਲਗਾਏ ਗਏ ਹਨ। ਯੂਨੀਅਨ ਦਾ ਦਾਅਵਾ ਹੈ ਕਿ ਇਹ ਪ੍ਰਬੰਧ ਕਥਿਤ ਸਿਫ਼ਾਰਸ਼ੀ ਅਤੇ ਰਾਜਨੀਤਿਕ ਦਖਲਅੰਦਾਜ਼ੀ ਦੇ ਆਧਾਰ ’ਤੇ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।
ਅਰੁਣ ਗਿੱਲ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਮੁੱਖ ਜ਼ਿੰਮੇਵਾਰੀ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਸੁਚਾਰੂ ਰੱਖਣਾ ਹੈ, ਪਰ ਜੇਕਰ ਕੁਝ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਬਿਠਾਇਆ ਜਾਵੇਗਾ ਤਾਂ ਮੈਦਾਨ ਵਿੱਚ ਕੰਮ ਕਰ ਰਹੇ ਕਰਮਚਾਰੀਆਂ ’ਤੇ ਵਾਧੂ ਦਬਾਅ ਪੈਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸਫਾਈ ਪ੍ਰਬੰਧਾਂ ’ਤੇ ਵੀ ਅਸਰ ਪੈ ਰਿਹਾ ਹੈ ਅਤੇ ਕਰਮਚਾਰੀਆਂ ਵਿੱਚ ਰੋਸ ਵਧ ਰਿਹਾ ਹੈ।
ਯੂਨੀਅਨ ਨੇ ਮੰਗ ਕੀਤੀ ਕਿ ਦਫਤਰੀ ਡਿਊਟੀਆਂ ’ਤੇ ਲਾਏ ਗਏ ਸਫਾਈ ਕਰਮਚਾਰੀਆਂ ਨੂੰ ਤੁਰੰਤ ਵਾਪਸ ਮੈਦਾਨੀ ਸਫਾਈ ਡਿਊਟੀ ’ਤੇ ਭੇਜਿਆ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਯੂਨੀਅਨ ਵੱਲੋਂ ਇਸ ਧਰਨੇ ਨੂੰ ਪੱਕੇ ਮੋਰਚੇ ਦਾ ਰੂਪ ਦੇਣ ਦੀ ਗੱਲ ਵੀ ਆਖੀ ਗਈ।
ਧਰਨੇ ਦੌਰਾਨ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੌਕੇ ’ਤੇ ਕਰਮਚਾਰੀਆਂ ਦੇ ਬੈਠਣ ਲਈ ਟੈਂਟ ਅਤੇ ਹੋਰ ਪ੍ਰਬੰਧ ਵੀ ਕੀਤੇ ਗਏ ਸਨ, ਜਿਸ ਤੋਂ ਸਪਸ਼ਟ ਹੈ ਕਿ ਯੂਨੀਅਨ ਇਸ ਮਾਮਲੇ ਨੂੰ ਲੰਬੇ ਸੰਘਰਸ਼ ਵਜੋਂ ਅੱਗੇ ਵਧਾਉਣ ਦੇ ਮੂਡ ਵਿੱਚ ਹੈ।
ਦੂਜੇ ਪਾਸੇ ਸ਼ਹਿਰ ਵਿੱਚ ਪਹਿਲਾਂ ਹੀ ਕਈ ਥਾਵਾਂ ’ਤੇ ਸਫਾਈ ਵਿਵਸਥਾ ਨੂੰ ਲੈ ਕੇ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਜੇਕਰ ਸਫਾਈ ਸੇਵਕਾਂ ਦਾ ਕੰਮਕਾਜ ਪ੍ਰਭਾਵਿਤ ਰਹਿੰਦਾ ਹੈ ਤਾਂ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਹੋਰ ਵਧ ਸਕਦੀ ਹੈ। ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਅਤੇ ਸ਼ਹਿਰ ਦੀ ਸਫਾਈ ਦੋਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦਾ ਤੁਰੰਤ ਹੱਲ ਕੱਢਿਆ ਜਾਵੇ।
ਸਫਾਈ ਸੇਵਕਾਂ ਦੇ ਦਫਤਰੀ ਕੰਮਾਂ ’ਤੇ ਲਗਾਏ ਜਾਣ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨਾਲ ਫੋਨ ਤੇ ਗੱਲਬਾਤ ਕਰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੁੱਝ ਸਫਾਈ ਸੇਵਕਾਂ ਦਿਆਂ ਡਿਊਟੀਆਂ ਦਫਤਰੀ ਕੰਮਾਂ ਤੇ ਲਈ ਲੱਗੀਆਂ ਹੋਈਆਂ ਹਨ ਜੋ ਕਿ ਉਹਨਾਂ ਦੇ ਜਗਰਾਉਂ ਨਗਰ ਕੌਂਸਲ ਦਾ ਕਾਰਜ ਭਾਰ ਸੰਭਾਲਣ ਤੋਂ ਪਹਿਲਾਂ ਤੋਂ ਹੈ।