Skip to content

ਮਿਊਂਸੀਪਲ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ; 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਫੈਸਲਾ

ਮਿਊਂਸੀਪਲ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ; 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਫੈਸਲਾ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, 9 ਮਾਰਚ  (ਦਿਨੇਸ਼ ਸ਼ਰਮਾ/ਸੰਜੀਵ ਮਲਹੋਤਰਾ): ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਰਣਨੀਤੀ ਉਲੀਕੀ।
ਰੋਸ ਪ੍ਰਦਰਸ਼ਨ ਦੀ ਰੂਪ-ਰੇਖਾ
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ:
11 ਅਤੇ 12 ਮਾਰਚ: ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਅਤੇ 10 ਸਾਲਾ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
6 ਮਈ 2026: ਪੰਜਾਬ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਤੋਂ ਮੁਲਾਜ਼ਮ ਖ਼ਫ਼ਾ
ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪੈਨਲ ਮੀਟਿੰਗਾਂ ਦਾ ਸਮਾਂ ਵਾਰ-ਵਾਰ ਮੁਲਤਵੀ ਕਰਕੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਪ੍ਰਧਾਨ ਗਿੱਲ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਹੋਰ ਜਾਇਜ਼ ਮੰਗਾਂ ਦਾ ਸਥਾਈ ਹੱਲ ਨਹੀਂ ਹੁੰਦਾ, ਓਨਾ ਚਿਰ ਕੋਈ ਵੀ ਕਰਮਚਾਰੀ ਸਫਾਈ ਜਾਂ ਦਫ਼ਤਰੀ ਕੰਮਕਾਜ 'ਤੇ ਨਹੀਂ ਪਰਤੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਰੋਸ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਸਰਕਾਰ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ।
ਸਾਂਝੇ ਸੰਘਰਸ਼ ਦਾ ਪ੍ਰਣ
ਇਸ ਮੀਟਿੰਗ ਵਿੱਚ ਵਾਟਰ ਸਪਲਾਈ, ਸੀਵਰੇਜ, ਇਲੈਕਟ੍ਰੀਸ਼ੀਅਨ, ਫਾਇਰ ਬ੍ਰਿਗੇਡ, ਸੈਨੀਟੇਸ਼ਨ ਅਤੇ ਕਲੈਰੀਕਲ ਸਟਾਫ ਸਮੇਤ ਸਮੂਹ ਬ੍ਰਾਂਚਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਸੰਘਰਸ਼ ਵਿੱਚ ਪੂਰਨ ਸਹਿਯੋਗ ਦੇਣ ਦਾ ਪ੍ਰਣ ਕੀਤਾ।
ਹਾਜ਼ਰ ਅਹੁਦੇਦਾਰ:
ਸੈਕਟਰੀ ਰਜਿੰਦਰ ਕੁਮਾਰ, ਵਾਇਸ ਪ੍ਰਧਾਨ ਸਨੀ ਸੁੰਦਰ, ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਕਲੈਰੀਕਲ ਸਟਾਫ ਤੋਂ ਨਵਜੀਤ ਕੌਰ, ਗਗਨ ਖੁੱਲਰ, ਅਮਨ ਕੌਰ, ਵਿਸ਼ਾਲ ਟੰਡਨ, ਹਰਦੀਪ ਢੋਲਣ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ, ਤਾਰਕ ਬਜਾਜ਼, ਗੁਰਪ੍ਰੀਤ ਸਿੰਘ, ਫਾਇਰ ਬ੍ਰਿਗੇਡ ਤੋਂ ਦੀਪ ਸਿੰਘ, ਤੀਰਥ ਸਿੰਘ, ਹਾਕਮ ਸਿੰਘ, ਜਗਮੋਹਨ ਸਿੰਘ ਆਦਿ।