Skip to content

ਜਗਰਾਓ ਮੰਡੀ ’ਚ 1 ਅਪ੍ਰੈਲ ਤੋਂ ਸਰਕਾਰੀ ਖਰੀਦ ਦਾ ਬਾਈਕਾਟ, ਆੜਤੀਆਂ ਨੇ ਦਿੱਤੀ ਚੇਤਾਵਨੀ

ਜਗਰਾਓ ਮੰਡੀ ’ਚ 1 ਅਪ੍ਰੈਲ ਤੋਂ ਸਰਕਾਰੀ ਖਰੀਦ ਦਾ ਬਾਈਕਾਟ, ਆੜਤੀਆਂ ਨੇ ਦਿੱਤੀ ਚੇਤਾਵਨੀ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਆੜਤੀਆ ਐਸੋਸੀਏਸ਼ਨ ਜਗਰਾਓ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ, 1 ਅਪ੍ਰੈਲ 2026 ਤੋਂ ਜਗਰਾਓ ਦੀ ਮੁੱਖ ਅਨਾਜ ਮੰਡੀ ਸਮੇਤ ਨਾਲ ਲੱਗਦੇ ਸਾਰੇ ਸਰਕਾਰੀ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਗੁਪਤਾ ਬਾਂਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਅਣਮਿਥੇ ਸਮੇਂ ਲਈ ਹੋਵੇਗਾ ਅਤੇ ਮੰਗਾਂ ਪੂਰੀਆਂ ਹੋਣ ਤੱਕ ਇਸ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਬਾਂਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰੋਸ ਪ੍ਰਦਰਸ਼ਨ ਦੇ ਤੌਰ ’ਤੇ ਆੜਤੀ ਆਪਣੀਆਂ ਦੁਕਾਨਾਂ ’ਤੇ ਕਾਲੀਆਂ ਝੰਡੀਆਂ ਲਗਾ ਕੇ ਸਰਕਾਰ ਪ੍ਰਤੀ ਆਪਣਾ ਵਿਰੋਧ ਦਰਸਾਉਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਬਣਦੀ 2.50 ਫੀਸਦੀ ਰਕਮ ਦਾ ਮਾਮਲਾ ਹਜੇ ਤੱਕ ਲੰਬਿਤ ਹੈ ਅਤੇ ਨਾਲ ਹੀ ਆੜਤੀਆਂ ’ਤੇ ਲਾਗੂ ਕੀਤੇ ਜਾ ਰਹੇ ਈਪੀਐਫ ਸਬੰਧੀ ਪ੍ਰਾਵਧਾਨਾਂ ਨੂੰ ਲੈ ਕੇ ਵੀ ਗੰਭੀਰ ਅਸੰਤੋਸ਼ ਹੈ।

ਐਸੋਸੀਏਸ਼ਨ ਦੇ ਅਨੁਸਾਰ, ਜਦੋਂ ਤੱਕ ਇਹ ਦੋਵੇਂ ਮਸਲੇ ਹੱਲ ਨਹੀਂ ਹੁੰਦੇ, ਮੰਡੀ ਵਿੱਚ ਨਾ ਤਾਂ ਕਣਕ ਦੀ ਆਮਦ-ਰਫ਼ਤ ਸੁਚਾਰੂ ਤਰੀਕੇ ਨਾਲ ਹੋਣ ਦਿੱਤੀ ਜਾਵੇਗੀ, ਨਾ ਹੀ ਕਣਕ ਨੂੰ ਲੁਹਾਇਆ, ਛਾਣਿਆ ਜਾਂ ਵੇਚਿਆ ਜਾਵੇਗਾ। ਇਸ ਐਲਾਨ ਤੋਂ ਬਾਅਦ ਖੇਤਰ ਦੇ ਕਿਸਾਨਾਂ, ਵਪਾਰੀਆਂ ਅਤੇ ਖਰੀਦ ਏਜੰਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਕਣਕ ਦੇ ਸੀਜ਼ਨ ਦੌਰਾਨ ਮੰਡੀ ਪ੍ਰਣਾਲੀ ’ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ।

ਜੇਕਰ ਐਸੋਸੀਏਸ਼ਨ ਆਪਣੇ ਐਲਾਨ ’ਤੇ ਕਾਇਮ ਰਹਿੰਦੀ ਹੈ, ਤਾਂ ਜਗਰਾਓ ਮੰਡੀ ਅਤੇ ਇਸ ਨਾਲ ਜੁੜੇ ਖਰੀਦ ਕੇਂਦਰਾਂ ਵਿੱਚ ਸਰਕਾਰੀ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਸਰਕਾਰੀ ਪੱਖ ਜਾਂ ਸੰਬੰਧਿਤ ਵਿਭਾਗ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਸਥਿਤੀ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਅਤੇ ਐਸੋਸੀਏਸ਼ਨ ਦਰਮਿਆਨ ਗੱਲਬਾਤ ਹੋ ਸਕਦੀ ਹੈ। ਇਸ ਮੌਕੇ ਸਵਰਨਜੀਤ ਸਿੰਘ ਗਿੱਲ ,ਜਗਜੀਤ ਸਿੰਘ ਸਿੱਧੂ,ਗੁਰਮੀਤ ਸਿੰਘ ਦੋਧਰ,ਜਤਿੰਦਰ ਸਿੰਘ ਸਰਾਂ,ਨਵੀਨ ਸਿੰਗਲਾ ,ਰਾਜ ਕੁਮਾਰ ਭੱਲਾ ,ਮਹਿੰਦਰ ਪਾਲ ਸਿੰਘ ਗੁਰੂਸਰ ਅੰਮ੍ਰਿਤਪਾਲ ਸਿੰਘ ,ਬੂਟਾ ਸਿੰਘ ਗਰੇਵਾਲ,ਮਨੋਹਰ ਲਾਲ ,ਆਸ਼ੂ ਮਿੱਤਲ ਹਾਜ਼ਰ ਸਨ।