Skip to content

ਜਗਰਾਓਂ ਵਾਸੀਆਂ ਲਈ ਅਹਿਮ ਖ਼ਬਰ: 1995 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਅਤੇ 'ਲਾਲ ਲਕੀਰ' ਵਾਲੇ ਮਕਾਨਾਂ ਲਈ NOC ਦੀ ਲੋੜ ਨਹੀਂ

ਜਗਰਾਓਂ ਵਾਸੀਆਂ ਲਈ ਅਹਿਮ ਖ਼ਬਰ: 1995 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਅਤੇ 'ਲਾਲ ਲਕੀਰ' ਵਾਲੇ ਮਕਾਨਾਂ ਲਈ NOC ਦੀ ਲੋੜ ਨਹੀਂ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਓਂ, ਦਰਪਣ ਬਿਊਰੋ 
ਹਲਕਾ ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਅੱਜ ਨਗਰ ਕੌਂਸਲ ਜਗਰਾਓਂ ਵਿਖੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਐਨ.ਓ.ਸੀ (NOC) ਅਤੇ ਨਕਸ਼ਿਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਸ਼ਹਿਰ ਵਾਸੀਆਂ ਲਈ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।
ਐਨ.ਓ.ਸੀ (NOC) ਬਾਰੇ ਸਥਿਤੀ ਸਪੱਸ਼ਟ
ਮੀਟਿੰਗ ਦੌਰਾਨ ਵਿਧਾਇਕਾ ਮਾਣੂਕੇ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (EO) ਮੋਹਿਤ ਸ਼ਰਮਾ ਨੇ ਐਨ.ਓ.ਸੀ ਸਬੰਧੀ ਫੈਲੇ ਭੰਬਲਭੂਸੇ ਨੂੰ ਦੂਰ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ ਕਿ:
1995 ਤੋਂ ਪਹਿਲਾਂ ਦੀਆਂ ਰਜਿਸਟਰੀਆਂ: ਜਿਨ੍ਹਾਂ ਮਕਾਨ ਮਾਲਕਾਂ ਦੀ ਰਜਿਸਟਰੀ ਸਾਲ 1995 ਤੋਂ ਪਹਿਲਾਂ ਦੀ ਹੈ, ਉਨ੍ਹਾਂ ਨੂੰ ਐਨ.ਓ.ਸੀ (NOC) ਲੈਣ ਦੀ ਕੋਈ ਲੋੜ ਨਹੀਂ ਹੈ।
ਲਾਲ ਲਕੀਰ: ਲਾਲ ਲਕੀਰ ਦੇ ਅੰਦਰ ਆਉਂਦੇ ਕਿਸੇ ਵੀ ਮਕਾਨ ਮਾਲਕ ਨੂੰ ਵੀ ਐਨ.ਓ.ਸੀ ਦੀ ਜ਼ਰੂਰਤ ਨਹੀਂ ਪਵੇਗੀ।
ਈ.ਓ. ਮੋਹਿਤ ਸ਼ਰਮਾ ਨੇ ਦੱਸਿਆ ਕਿ ਜੋ ਲੋਕ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ, ਸਿਰਫ ਉਨ੍ਹਾਂ ਨੂੰ ਹੀ ਐਨ.ਓ.ਸੀ ਦੀ ਲੋੜ ਹੋਵੇਗੀ। ਅਜਿਹੇ ਵਿਅਕਤੀ ਨਗਰ ਕੌਂਸਲ ਦਫ਼ਤਰ ਵਿਖੇ ਬਣਦੀ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਆਪਣੀ ਐਨ.ਓ.ਸੀ ਪ੍ਰਾਪਤ ਕਰ ਸਕਦੇ ਹਨ।
ਨਕਸ਼ਿਆਂ ਦੇ ਕੰਮ ਵਿੱਚ ਆਵੇਗੀ ਤੇਜ਼ੀ
ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਨਕਸ਼ਿਆਂ ਨੂੰ ਪਾਸ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਇਸ ਮੀਟਿੰਗ ਵਿੱਚ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਤੋਂ ਇਲਾਵਾ ਐਮ.ਈ. ਅਸ਼ੋਕ ਕੁਮਾਰ, ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਕੌਂਸਲਰ ਸਤੀਸ਼ ਕੁਮਾਰ ਪੱਪੂ, ਰਵਿੰਦਰ ਕੁਮਾਰ ਫੀਨਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।