ਜਗਰਾਓਂ, 3 ਸਤੰਬਰ (ਦਿਨੇਸ਼ ਸ਼ਰਮਾ) — ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖੇ ਪ੍ਰੀ-ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ ਬੱਚਿਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ।
ਇਸ ਮੌਕੇ ਨੰਨ੍ਹੇ ਵਿਦਿਆਰਥੀ ਰਾਧਾ ਅਤੇ ਕ੍ਰਿਸ਼ਨ ਦੀਆਂ ਪੋਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ। ਬੱਚਿਆਂ ਦੀਆਂ ਮਨਮੋਹਕ ਝਲਕੀਆਂ ਅਤੇ ਪਿਆਰੀਆਂ ਮੁਸਕਾਨਾਂ ਖਿੱਚ ਦਾ ਕੇਂਦਰ ਬਣੀਆਂ।
ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਅਤੇ ਜਨਮ ਅਸ਼ਟਮੀ ਦੇ ਮਹੱਤਵ ਨਾਲ ਸਬੰਧਤ ਗਤੀਵਿਧੀਆਂ ਵਿੱਚ ਭਾਗ ਲਿਆ। ਅਧਿਆਪਕਾਂ ਨੇ ਉਨ੍ਹਾਂ ਨੂੰ ਤਿਉਹਾਰ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਸਕੂਲ ਦੀ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਵੀ ਕੀਤੀ।
ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ ਅਤੇ ਸੈਕਟਰੀ ਮਹਾਵੀਰ ਜੈਨ ਨੇ ਵੀ ਬੱਚਿਆਂ ਅਤੇ ਸਟਾਫ ਨਾਲ ਜਨਮ ਅਸ਼ਟਮੀ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਨਿਧੀ ਜੈਨ, ਸ਼ੈਲੀ ਗਾਬਾ, ਰਜਨੀ ਰਿਹਾਨ, ਰਾਜਵਿੰਦਰ ਕੌਰ, ਪਰਮਜੀਤ ਕੌਰ ਸੰਧੂ, ਕੁਲਵਿੰਦਰ ਕੌਰ ਸੰਧੂ, ਰੇਨੂੰ ਬਾਲਾ, ਆਰਤੀ ਪਲਟਾ ਅਤੇ ਸੋਨੀਆ ਕਪੂਰ ਸਮੇਤ ਸਕੂਲ ਦਾ ਸਟਾਫ ਹਾਜ਼ਰ ਸੀ।