Skip to content

ਗੁਰਬਾਣੀ ਦੀਆਂ ਰਸਭਿੰਨੀਆਂ ਧੁਨਾਂ ਨਾਲ ਗੂੰਜਿਆ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ

ਗੁਰਬਾਣੀ ਦੀਆਂ ਰਸਭਿੰਨੀਆਂ ਧੁਨਾਂ ਨਾਲ ਗੂੰਜਿਆ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਨੰਨ੍ਹੇ ਬੱਚਿਆਂ ਨੇ ਸ਼ਰਧਾ ਨਾਲ ਕੀਤਾ ਮੂਲ ਮੰਤਰ ਦਾ ਪਾਠ

ਜਗਰਾਉਂ ਦਿਨੇਸ਼ ਸ਼ਰਮਾ

ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਕੂਲ ਦੇ ਨਿੱਕੇ-ਨਿੱਕੇ ਬੱਚਿਆਂ ਨੇ ਸ਼ਰਧਾ ਨਾਲ ਮੂਲ ਮੰਤਰ ਅਤੇ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ।

ਸਮਾਗਮ ਦੌਰਾਨ ਬੱਚਿਆਂ ਨੂੰ ਸੱਚ, ਪਿਆਰ, ਸੇਵਾ, ਨਿਮਰਤਾ ਅਤੇ ਆਪਸੀ ਸਾਂਝ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਬੱਚਿਆਂ ਦਾ ਇਕੱਠੇ ਹੋ ਕੇ ਮੂਲ ਮੰਤਰ ਦਾ ਪਾਠ ਕਰਨਾ ਧਾਰਮਿਕ ਸਮਾਗਮ ਦਾ ਖ਼ਾਸ ਪਲ ਰਿਹਾ। ਉਨ੍ਹਾਂ ਦੀ ਸ਼ਮੂਲੀਅਤ ਨੇ ਸਮਾਗਮ ਦੇ ਸ਼ਰਧਾਮਈ ਮਾਹੌਲ ਨੂੰ ਹੋਰ ਗਹਿਰਾਈ ਦਿੱਤੀ।

ਅਧਿਆਪਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਮਨੁੱਖਤਾ ਨੂੰ ਦਿੱਤੇ ਸੰਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਨੂੰ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੱਤੀ ਗਈ।

ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਜਨੀਸ਼ ਸ਼ਰਮਾ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਸਾਧਨ ਬਣਦੇ ਹਨ।

ਸਮਾਗਮ ਦੀ ਸਮਾਪਤੀ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਇਸ ਤਰ੍ਹਾਂ ਸਮਾਗਮ ਨੇ ਧਾਰਮਿਕ ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਸੰਦੇਸ਼ ਪੇਸ਼ ਕੀਤਾ।