Wednesday, 23 September 2026
PUNJAB
ਪੀਡੀਐਫਏ ਨੇ ਬੋਵਾਈਨ ਪਾਲਿਸੀ ਖ਼ਿਲਾਫ਼ ਬਿਗਲ ਵਜਾਇਆ 20 ਅਕਤੂਬਰ ਤੱਕ ਰੱਦ ਨਾ ਹੋਈ ਤਾਂ ਸੜਕਾਂ ’ਤੇ ਉਤਰਣ ਦਾ ਐਲਾਨ
ਜਗਰਾਓਂ: (ਦਿਨੇਸ਼ ਸ਼ਰਮਾ) ਪੰਜਾਬ ਸਰਕਾਰ ਦੀ ਬੋਵਾਈਨ ਬ੍ਰੀਡਿੰਗ ਪਾਲਿਸੀ ਖ਼ਿਲਾਫ਼ ਪੰਜਾਬ ਦੇ ਡੇਅਰੀ ਪਾਲਕਾਂ ਅਤੇ ਮਾਲਕਾਂ ਦੀ ਜਥੇਬੰਦੀ ਪੀਡੀਐਫਏ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਜਗਰਾਓਂ ਦੇ ਸੈਲੀਬ੍ਰੇਸ਼ਨ ਗਾਰਡਨ ਵਿਖੇ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਇਕੱਤਰਤਾ ਵਿੱਚ 20 ਅਕਤੂਬਰ ਤੱਕ ਬੋਵਾਈਨ ਬ੍ਰੀਡਿੰਗ ਪਾਲਿਸੀ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ। ਜਥੇਬੰਦੀ ਨੇ ਕਿਹਾ ਕਿ ਇਸ ਤੋਂ ਬਾਅਦ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੂਬੇ ਭਰ ਵਿੱਚ ਸੜਕਾਂ ’ਤੇ ਉਤਰ ਕੇ ਸੰਘਰਸ਼ ਕੀਤਾ ਜਾਵੇਗਾ।
ਇਕੱਤਰਤਾ ਵਿੱਚ ਸੂਬੇ ਭਰ ਤੋਂ ਪੁੱਜੇ ਜਥੇਬੰਦੀ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਨੇ ਪਾਲਿਸੀ ਰਾਹੀਂ “ਇੰਸਪੈਕਟਰੀ ਰਾਜ” ਲਾਗੂ ਹੋਣ ਦਾ ਦਾਅਵਾ ਕੀਤਾ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਇਹ ਪਾਲਿਸੀ ਕਿਸਾਨਾਂ ਤੋਂ ਮਨਮਰਜ਼ੀ ਨਾਲ ਗੈਰਕਾਨੂੰਨੀ ਵਸੂਲੀ ਅਤੇ ਕਥਿਤ ਲੁੱਟ ਦਾ ਰਾਹ ਖੋਲ੍ਹ ਸਕਦੀ ਹੈ।
ਉਨ੍ਹਾਂ ਕਿਹਾ ਕਿ ਬੋਵਾਈਨ ਬ੍ਰੀਡਿੰਗ ਪਾਲਿਸੀ ਪੰਜਾਬ ਵਿੱਚ ਨਸਲ ਸੁਧਾਰ ਦੇ ਕੰਮ ਵਿੱਚ ਰੁਕਾਵਟ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੇਅਰੀ ਕਿੱਤਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਸੂਬੇ ਵਿੱਚ ਡੇਅਰੀ ਖੇਤਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਸਰਕਾਰ ਨੂੰ ਅਜਿਹੀਆਂ ਨੀਤੀਆਂ ਤੋਂ ਬਚਣ ਦੀ ਅਪੀਲ ਕੀਤੀ ਜੋ ਜਥੇਬੰਦੀ ਦੇ ਅਨੁਸਾਰ ਇਸ ਖੇਤਰ ਦੀ ਤਰੱਕੀ ਵਿੱਚ ਅੜਿੱਕਾ ਬਣ ਸਕਦੀਆਂ ਹਨ।
ਦਲਜੀਤ ਸਿੰਘ ਸਦਰਪੁਰਾ ਨੇ ਦਾਅਵਾ ਕੀਤਾ ਕਿ ਪਾਲਿਸੀ ਦੇ ਤਹਿਤ ਕਿਸਾਨ ਅਤੇ ਏਆਈ ਵਰਕਰ ਦੁਧਾਰੂ ਪਸ਼ੂਆਂ ਵਿੱਚ ਗਰਭਧਾਰਨ ਲਈ ਟੀਕੇ ਨਹੀਂ ਲਗਾ ਸਕਣਗੇ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਨਾਲ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਗਾਵਾਂ ਅਤੇ ਮੱਝਾਂ ਫੰਡਰ ਹੋ ਸਕਦੀਆਂ ਹਨ।
ਇਕੱਤਰਤਾ ਵਿੱਚ ਦੱਸਿਆ ਗਿਆ ਕਿ ਪੀਡੀਐਫਏ ਦੀ ਬੋਵਾਈਨ ਬ੍ਰੀਡਿੰਗ ਪਾਲਿਸੀ ਸਬੰਧੀ ਵਿਭਾਗ ਦੇ ਕੈਬਨਿਟ ਮੰਤਰੀ ਨਾਲ ਪਿਛਲੇ ਦਿਨੀਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਜਥੇਬੰਦੀ ਅਨੁਸਾਰ ਮੰਤਰੀ ਵੱਲੋਂ ਮੰਗਾਂ ਲਿਖਤੀ ਰੂਪ ਵਿੱਚ ਮੰਗੇ ਜਾਣ ’ਤੇ ਪੀਡੀਐਫਏ ਵੱਲੋਂ ਬੋਵਾਈਨ ਬ੍ਰੀਡਿੰਗ ਪਾਲਿਸੀ ਰੱਦ ਕਰਨ ਸਮੇਤ ਹੋਰ ਮੰਗਾਂ ਲਿਖਤੀ ਰੂਪ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਮੰਗਾਂ ਲਾਗੂ ਕਰਨ ਦਾ ਭਰੋਸਾ ਵੀ ਮਿਲਿਆ ਹੈ।
ਇਕੱਤਰਤਾ ਵਿੱਚ ਸਮੂਹ ਅਹੁਦੇਦਾਰਾਂ ਨੇ ਮੰਗਾਂ ਲਾਗੂ ਕਰਨ ਲਈ 20 ਅਕਤੂਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਇਸ ਤੋਂ ਬਾਅਦ ਸੜਕਾਂ ’ਤੇ ਉਤਰਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪੀਡੀਐਫਏ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਪੰਜਾਬ ਭਰ ਵਿੱਚ ਲਾਮਬੰਦੀ ਮੁਹਿੰਮ ਚਲਾਉਣ ਅਤੇ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ ਜੀਰਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਡਾ. ਜੇ. ਐਸ. ਪੱਟੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਪਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਚਾਹਲ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਔਲਖ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਬਰਾੜ, ਦਰਸ਼ਨ ਸਿੰਘ ਸੌਂਦਾ, ਜਰਨੈਲ ਸਿੰਘ ਛੀਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤਇੰਦਰ ਸਿੰਘ ਭੁੱਲਰ, ਸਤਵਿੰਦਰ ਸਿੰਘ ਲਾਲੀ, ਬਲਿਹਾਰ ਸਿੰਘ ਢੰਡਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਰਾਮਪਾਲ ਚੌਧਰੀ ਅਤੇ ਹਰਪ੍ਰੀਤ ਸਿੰਘ ਮਾਂਗਟ ਆਦਿ ਹਾਜ਼ਰ ਸਨ।