Tuesday, 08 September 2026
Jagraon
ਮੰਤਰੀ ਨੇ ਦੋ ਦਿਨਾਂ ਅੰਦਰ ਰੇਲਿੰਗ ਲਗਾਉਣ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਐੱਸਡੀਐੱਮ ਬਾਦਲ ਦੀਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ
ਜਗਰਾਉਂ, ਦਿਨੇਸ਼ ਸ਼ਰਮਾ
ਝਾਂਸੀ ਰਾਣੀ ਚੌਂਕ ਨੇੜੇ ਰੇਲਵੇ ਪੁਲ ਦੀ ਹਟਾਈ ਗਈ ਸੁਰੱਖਿਆ ਰੇਲਿੰਗ ਕਰੀਬ ਚਾਰ ਮਹੀਨੇ ਬਾਅਦ ਵੀ ਮੁੜ ਨਾ ਲੱਗਣ ਦਾ ਮਾਮਲਾ ਹੁਣ ਪ੍ਰਸ਼ਾਸਨ ਦੇ ਉੱਚ ਪੱਧਰ ਤੱਕ ਪਹੁੰਚ ਗਿਆ ਹੈ।
ਮਾਮਲਾ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਦੋ ਦਿਨਾਂ ਦੇ ਅੰਦਰ ਰੇਲਿੰਗ ਲਗਾਉਣ ਅਤੇ ਰਿਪੋਰਟ ਪੇਸ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਪੀ.ਡਬਲਯੂ.ਡੀ. ਦੇ ਐੱਸ.ਸੀ. ਇੰਦਰਜੀਤ ਸਿੰਘ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉੱਧਰ ਪੀ.ਡਬਲਯੂ.ਡੀ. ਦੇ ਐਕਸੀਅਨ ਕਮਲਜੀਤ ਸਿੰਘ ਵੱਲੋਂ ਜਗਰਾਉਂ ਦੇ ਐੱਸ.ਡੀ.ਐੱਮ. ਬਾਦਲ ਦੀਨ ਨੂੰ ਪੱਤਰ ਭੇਜ ਕੇ ਦੱਸਿਆ ਗਿਆ ਕਿ ਰੇਲਿੰਗ ਲਗਾਉਣ ਸਮੇਂ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਰੁਕਾਵਟ ਪੈਦਾ ਕੀਤੀ ਗਈ, ਜਿਸ ਕਾਰਨ ਵਿਭਾਗ ਨੇ ਪੁਲਿਸ ਸਹਾਇਤਾ ਦੀ ਮੰਗ ਕੀਤੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਡੀ.ਐੱਮ. ਬਾਦਲ ਦੀਨ ਖੁਦ ਮੌਕੇ ’ਤੇ ਪਹੁੰਚੇ ਅਤੇ ਰੇਲਵੇ ਪੁਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਰੇਲਿੰਗ ਲਗਾਉਣ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।
ਐੱਸ.ਡੀ.ਐੱਮ. ਨੇ ਕਿਹਾ ਕਿ ਸਰਕਾਰੀ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਰੁਕਾਵਟ ਪੈਦਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਵਿੱਚ ਵਿਘਨ ਪਾਉਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।