ਈ-ਪੇਪਰ ਪੜ੍ਹਨ ਮੋਡ

Punjab Patrika ePaper

Wednesday, 29 April 2026

ਕੈਨੇਡਾ ਰਹਿੰਦੇ ਨੌਜਵਾਨ ਦੇ ਰੂਮੀ ਸਥਿਤ ਘਰ ਬਾਹਰ ਗੋਲੀਬਾਰੀ, ਪਰਿਵਾਰ ਵਿੱਚ ਦਹਿਸ਼ਤ

ਕੈਨੇਡਾ ਰਹਿੰਦੇ ਨੌਜਵਾਨ ਦੇ ਰੂਮੀ ਸਥਿਤ ਘਰ ਬਾਹਰ ਗੋਲੀਬਾਰੀ, ਪਰਿਵਾਰ ਵਿੱਚ ਦਹਿਸ਼ਤ

ਜਗਰਾਓਂ, 29 ਅਪ੍ਰੈਲ — ਜਗਰਾਓਂ ਦੇ ਨਜ਼ਦੀਕੀ ਪਿੰਡ ਰੂਮੀ ਵਿੱਚ ਕੈਨੇਡਾ ਰਹਿੰਦੇ ਇਕ ਨੌਜਵਾਨ ਦੇ ਘਰ ਬਾਹਰ ਅੱਧੀ ਰਾਤ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਵੇਲੇ ਘਰ ਅੰਦਰ ਨੌਜਵਾਨ ਦੀ ਪਤਨੀ ਅਤੇ ਦੋ ਬੱਚੇ ਮੌਜੂਦ ਸਨ, ਜਿਸ ਕਾਰਨ ਪਰਿਵਾਰ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਪਿੰਡ ਰੂਮੀ ਵਾਸੀ ਮਨਿੰਦਰਜੀਤ ਸਿੰਘ ਉਰਫ਼ ਸਨੀ ਕਰੀਬ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ। ਬੀਤੀ ਰਾਤ ਤੜਕੇ ਕਰੀਬ ਢਾਈ ਵਜੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਘਰ ਦੇ ਮੁੱਖ ਗੇਟ ਵੱਲ ਕਥਿਤ ਤੌਰ 'ਤੇ ਕਈ ਰਾਊਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਸਵੇਰੇ ਘਟਨਾ ਬਾਰੇ ਪਤਾ ਲੱਗਣ 'ਤੇ ਘਰ ਦੀ ਮਹਿਲਾ ਮੈਂਬਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ ਜਗਰਾਓਂ ਅਤੇ ਸਬੰਧਤ ਪੁਲਿਸ ਚੌਕੀ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਇਸ ਘਟਨਾ ਕਾਰਨ ਉਹ ਕਾਫੀ ਘਬਰਾਏ ਹੋਏ ਹਨ।

ਇਸ ਸਬੰਧੀ ਡੀਐਸਪੀ ਜਗਰਾਓਂ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਪੱਖ ਤੋਂ ਜਾਂਚ ਜਾਰੀ ਹੈ।