Monday, 28 September 2026
Jagraon
ਜਗਰਾਉਂ ’ਚ ਵਿਦਿਆਰਥਣਾਂ ਨੇ ਕੱਢੀ ਸਵੱਛਤਾ ਰੈਲੀ, ਪਲਾਸਟਿਕ ਮੁਕਤ ਸ਼ਹਿਰ ਦਾ ਦਿੱਤਾ ਸੰਦੇਸ਼
ਗਿੱਲੇ-ਸੁੱਕੇ ਕੂੜੇ ਦੀ ਵੱਖ-ਵੱਖ ਸੰਭਾਲ, ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ ਅਤੇ ਰੁੱਖ ਲਗਾਉਣ ਲਈ ਕੀਤਾ ਜਾਗਰੂਕ
ਜਗਰਾਉਂ , ਸੰਜੀਵ ਮਲਹੋਤਰਾ
ਨਗਰ ਕੌਂਸਲ ਜਗਰਾਉਂ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਲਾਲਾ ਲਾਜਪਤ ਰਾਏ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਵੱਛਤਾ ਰੈਲੀ ਕੱਢੀ ਗਈ। ਰੈਲੀ ਰਾਹੀਂ ਸ਼ਹਿਰ ਨੂੰ ਸਿੰਗਲ-ਯੂਜ਼ ਪਲਾਸਟਿਕ ਅਤੇ ਕੂੜੇ ਤੋਂ ਮੁਕਤ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ ਗਿਆ।
ਨਗਰ ਕੌਂਸਲ ਜਗਰਾਉਂ ਵੱਲੋਂ ਪ੍ਰੈਸ ਰੋਡ ਦੇ ਮਾਧਿਅਮ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਰੈਲੀ ਲਾਲਾ ਲਾਜਪਤ ਰਾਏ ਕੰਨਿਆ ਸਕੂਲ, ਸ਼ਾਸਤਰੀ ਨਗਰ ਤੋਂ ਸ਼ੁਰੂ ਹੋਈ। ਰੈਲੀ ਪੁਰਾਣੀ ਦਾਣਾ ਮੰਡੀ, ਨਹਿਰੂ ਮਾਰਕਿਟ ਅਤੇ ਡਿਸਪੋਜ਼ਲ ਰੋਡ ਤੋਂ ਹੁੰਦੀ ਹੋਈ ਮੁੜ ਸਕੂਲ ਵਿਖੇ ਪਹੁੰਚੀ, ਜਿੱਥੇ ਇਸ ਦੀ ਸਮਾਪਤੀ ਹੋਈ।
ਰੈਲੀ ਦੌਰਾਨ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਉਸੇ ਤਰੀਕੇ ਨਾਲ ਕੂੜਾ ਦੇਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਸਬੰਧੀ ਵੀ ਜਾਗਰੂਕਤਾ ਪੈਦਾ ਕੀਤੀ ਗਈ। ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ।
ਰੈਲੀ ਦਾ ਆਯੋਜਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਸੀ.ਐੱਫ. ਰਮਿੰਦਰ ਕੌਰ ਅਤੇ ਸਵੱਛ ਭਾਰਤ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਦੀ ਦੇਖ-ਰੇਖ ਵਿੱਚ ਰੈਲੀ ਕਰਵਾਈ ਗਈ।
ਇਸ ਮੌਕੇ ਲਾਲਾ ਲਾਜਪਤ ਰਾਏ ਕੰਨਿਆ ਸਕੂਲ ਦੀ ਪ੍ਰਿੰਸੀਪਲ ਨੀਨਾ ਗੁਪਤਾ, ਮੈਡਮ ਵਿਮਲ, ਮੈਡਮ ਮਾਇਆ, ਅਨੁਵਰਤ ਸਮਿਤੀ ਦੇ ਪ੍ਰਧਾਨ ਰਾਜਪਾਲ ਜੈਨ, ਦੁਰਗਾ ਅਸ਼ਟਮੀ ਬਰਤਨ ਬੈਂਕ ਦੇ ਪ੍ਰਧਾਨ ਮੋਹਿਤ ਗੁਪਤਾ, ਸੁਨੀਨ ਮਕੜ, ਰਜਿੰਦਰ ਜੈਨ ਕਾਕਾ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਕੁਲਦੀਪ ਕੌਰ, ਨਵਜੋਤ ਕੌਰ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ।
ਰੈਲੀ ਰਾਹੀਂ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ, ਕੂੜੇ ਦੀ ਸਹੀ ਢੰਗ ਨਾਲ ਸੰਭਾਲ ਕਰਨ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਸਬੰਧੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ।