ਈ-ਪੇਪਰ ਪੜ੍ਹਨ ਮੋਡ

Punjab Patrika ePaper

Monday, 27 April 2026

ਦੂਜੇ ਦਿਨ ਵੀ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ

ਦੂਜੇ ਦਿਨ ਵੀ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ

ਜਗਰਾਉਂ, (ਦਿਨੇਸ਼ ਸ਼ਰਮਾ)

ਨਗਰ ਕੌਂਸਲ ਜਗਰਾਉਂ ਵਿੱਚ ਪ੍ਰਸ਼ਾਸਨਿਕ ਪ੍ਰਬੰਧਨ ਨੂੰ ਲੈ ਕੇ ਉਠੇ ਵਿਵਾਦ ਦੇ ਦਰਮਿਆਨ ਸਫਾਈ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਸਫਾਈ ਸੇਵਕਾਂ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਸਾਂਝਾ ਕੀਤੇ ਗਏ ਪ੍ਰੈਸ ਨੋਟ ਚ ਦਰਜ ਜਾਣਕਾਰੀ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਊਂਸਪਲ ਐਕਟ ਅਧੀਨ ਨਿਯਮਾਂ ਦੀ ਪਾਲਣਾ ਸੰਬੰਧੀ ਮਾਮਲਿਆਂ ਵਿੱਚ ਲਾਪਰਵਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।

ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਬਾਰੇ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਾ ਰਹੀ ਅਤੇ ਕੰਮਕਾਜ ਵਿੱਚ ਵੀ ਨਿਯਮਾਂ ਦੀ ਪਾਲਣਾ ਸਬੰਧੀ ਅਸਮੰਜਸਤਾ ਬਣੀ ਹੋਈ ਹੈ। ਉਨ੍ਹਾਂ ਦੇ ਅਨੁਸਾਰ, ਜੇਕਰ ਇਸ ਸਥਿਤੀ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾ ਸਕਦਾ ਹੈ।

ਹੜਤਾਲ ਦੇ ਪ੍ਰਭਾਵ ਹੇਠ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੁਝ ਇਲਾਕਿਆਂ ਵਿੱਚ ਕੂੜਾ ਇਕੱਠਾ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਨਿਵਾਸੀਆਂ ਨੂੰ ਇਸ ਕਾਰਨ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਤਵਾਰ ਦੀ ਛੁੱਟੀ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ, ਪਰ ਉਨ੍ਹਾਂ ਵੱਲੋਂ ਇਸ ਮਾਮਲੇ ’ਤੇ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਪ੍ਰਾਪਤ ਨਹੀਂ ਹੋ ਸਕੀ। ਅਧਿਕਾਰੀਆਂ ਦਾ ਪੱਖ ਮਿਲਣ ਉਪਰੰਤ ਖਬਰ ਨੂੰ ਅਪਡੇਟ ਕੀਤਾ ਜਾਵੇਗਾ।

ਇਸ ਮੌਕੇ ਸਫਾਈ ਯੂਨੀਅਨ ਨਾਲ ਸੰਬੰਧਤ ਪ੍ਰਤੀਨਿਧੀ, ਜਿਨ੍ਹਾਂ ਵਿੱਚ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਬੁਧ ਰਾਮ, ਵਾਇਸ ਪ੍ਰਧਾਨ ਸਨੀ, ਸੁੰਦਰ, ਸੰਦੀਪ ਕੁਮਾਰ, ਭੂਸ਼ਨ ਗਿੱਲ, ਬਿਕਰਮ ਗਿੱਲ, ਆਸ਼ਾ ਰਾਣੀ, ਨੀਨਾ, ਮਿਸਰੋ ਦੇਵੀ, ਸੀਵਰਮੈਨ ਯੂਨੀਅਨ ਪ੍ਰਧਾਨ ਰਾਜ਼ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ ਆਦਿ ਸ਼ਾਮਲ ਸਨ, ਹੜਤਾਲ ਦੌਰਾਨ ਮੌਜੂਦ ਰਹੇ।