Tuesday, 22 September 2026
School
ਡੀਏਵੀ ਸਕੂਲ ਜਗਰਾਉਂ ਵਿਖੇ ਕਿੱਕਬਾਕਸਿੰਗ ਸੈਮੀਨਾਰ ਦਾ ਆਯੋਜਨ 16 ਜ਼ਿਲ੍ਹਿਆਂ ਦੇ ਕੋਚਾਂ ਤੇ ਖਿਡਾਰੀਆਂ ਨੇ ਲਿਆ ਹਿੱਸਾ
ਜਗਰਾਉਂ, (ਸੰਜੀਵ ਮਲਹੋਤਰਾ/ਦਿਨੇਸ਼ ਸ਼ਰਮਾ) ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਪੰਜਾਬ ਕਿੱਕਬਾਕਸਿੰਗ ਐਸੋਸੀਏਸ਼ਨ ਵੱਲੋਂ ਪਹਿਲਾ ਮਿਊਜ਼ੀਕਲ ਫ਼ੋਮ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਵੇਦ ਵਰਤ ਪਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਕਿੱਕਬਾਕਸਿੰਗ ਖੇਡ ਮੁਕਾਬਲਿਆਂ ਵਿੱਚ ਹੁਣ ਮਿਊਜ਼ੀਕਲ ਫ਼ੋਮ ਈਵੈਂਟ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਤਹਿਤ ਪੰਜਾਬ ਕਿੱਕਬਾਕਸਿੰਗ ਐਸੋਸੀਏਸ਼ਨ ਵੱਲੋਂ ਇਹ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰ ਡੀਏਵੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ।
ਦੋ ਦਿਨਾਂ ਦੇ ਇਸ ਟ੍ਰੇਨਿੰਗ ਸੈਮੀਨਾਰ ਦੀ ਅਗਵਾਈ ਪੰਜਾਬ ਦੇ ਸੀਨੀਅਰ ਕਿੱਕਬਾਕਸਿੰਗ ਕੋਚ ਸੁਰਿੰਦਰ ਪਾਲ ਵਿਜ ਨੇ ਕੀਤੀ। ਸੈਮੀਨਾਰ ਵਿੱਚ ਪੰਜਾਬ ਦੇ 16 ਜ਼ਿਲ੍ਹਿਆਂ ਤੋਂ ਕੋਚਾਂ ਅਤੇ ਖਿਡਾਰੀਆਂ ਨੇ ਭਾਗ ਲਿਆ।
ਸੁਰਿੰਦਰ ਪਾਲ ਵਿਜ ਨੇ ਕੋਚਾਂ ਅਤੇ ਖਿਡਾਰੀਆਂ ਨੂੰ ਮਿਊਜ਼ੀਕਲ ਫ਼ੋਮ ਨਾਲ ਸਬੰਧਤ ਤਕਨੀਕਾਂ, ਨਿਯਮਾਂ ਅਤੇ ਸਕੋਰ ਸਿਸਟਮ ਬਾਰੇ ਸਿਖਲਾਈ ਦਿੱਤੀ। ਇਸ ਮੌਕੇ ਹੁਸ਼ਿਆਰਪੁਰ ਦੇ ਕੋਚ ਜੋਗੀ ਨੇ ਵੀ ਮਿਊਜ਼ੀਕਲ ਫ਼ੋਮ ਦੇ ਨਿਯਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਰਾਜੀਵ ਕਾਲੀਆ, ਜੋ ਮਿਊਜ਼ੀਕਲ ਫਾਰਮ ਵਿੱਚ ਨੈਸ਼ਨਲ ਗੋਲਡ ਮੈਡਲਿਸਟ ਅਤੇ ਏਸ਼ੀਅਨ ਬ੍ਰੋਨਜ਼ ਮੈਡਲਿਸਟ ਹਨ, ਨੇ ਖਿਡਾਰੀਆਂ ਨੂੰ ਮਿਊਜ਼ੀਕਲ ਫਾਰਮ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਅਤੇ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ।
ਟ੍ਰੇਨਿੰਗ ਕੈਂਪ ਦੌਰਾਨ ਮੱਧ ਪ੍ਰਦੇਸ਼ ਵਿੱਚ ਹੋਈ ਸੀਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਜ਼ਿਲ੍ਹੇ ਵੱਲੋਂ ਗੋਲਡ ਮੈਡਲ ਹਾਸਲ ਕਰਨ ਵਾਲੇ ਹਰਕਰਨ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੱਸਿਆ ਗਿਆ ਕਿ ਹਰਕਰਨ ਸਿੰਘ ਸੰਧੂ ਦੀ ਏਸ਼ੀਅਨ ਚੈਂਪੀਅਨਸ਼ਿਪ ਲਈ ਵੀ ਤਿਆਰੀ ਚੱਲ ਰਹੀ ਹੈ।
ਹਰਕਰਨ ਸਿੰਘ ਸੰਧੂ ਨੂੰ ਕੋਚ ਸੁਰਿੰਦਰ ਪਾਲ ਵਿਜ, ਰਜੀਵ ਕਾਲੀਆ, ਰਜੇਸ਼ ਕੁਮਾਰ ਥਾਪਾ ਅਤੇ ਬਾਵਿਸ਼ ਸਬਰਵਾਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੋਪਾਲ ਸ਼ਰਮਾ ਸੰਗਰੂਰ, ਰਜੇਸ਼ ਕੁਮਾਰ ਥਾਪਾ ਤਰਨ ਤਾਰਨ, ਜੋਗੀ ਹੁਸ਼ਿਆਰਪੁਰ, ਅਮਨ ਕੁਮਾਰ ਮਾਨਸਾ, ਸੁਨੀਤਾ ਅੰਮ੍ਰਿਤਸਰ, ਧਰਮਿੰਦਰ ਸਿੰਘ ਫਾਜ਼ਿਲਕਾ, ਮਿਸਟਰ ਮੋਂਟੀ ਅਤੇ ਅਵਨੀਤ ਪਟਿਆਲਾ ਵੀ ਹਾਜ਼ਰ ਸਨ।