Thursday, 03 September 2026
School
ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ
ਅਧਿਆਪਕਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਕਰਵਾਇਆ ਜਾਣੂ
ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪਲੇਅ ਵੇਅ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ।
ਬੱਚੇ ਆਪਣੇ ਘਰਾਂ ਤੋਂ ਮਨਪਸੰਦ ਮਿੱਠੇ ਪਕਵਾਨ ਤਿਆਰ ਕਰਕੇ ਸਕੂਲ ਲੈ ਕੇ ਆਏ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਖੁਸ਼ੀ ਸਾਂਝੀ ਕਰਨ ਦੇ ਨਾਲ-ਨਾਲ ਆਪਸੀ ਪਿਆਰ, ਸਾਂਝ ਅਤੇ ਮਿਲਵਰਤਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ।
ਅਧਿਆਪਕਾਂ ਨੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ, ਬਾਲ ਲੀਲਾਵਾਂ ਅਤੇ ਸਿੱਖਿਆਵਾਂ ਬਾਰੇ ਸਰਲ ਢੰਗ ਨਾਲ ਜਾਣੂ ਕਰਵਾਇਆ ਅਤੇ ਪਿਆਰ, ਸੱਚਾਈ, ਦਇਆ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਕੂਲ ਦੀ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਵੱਖ-ਵੱਖ ਧਰਮਾਂ ਅਤੇ ਉਨ੍ਹਾਂ ਦੇ ਪਵਿੱਤਰ ਤਿਉਹਾਰਾਂ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ। ਅਜਿਹੀਆਂ ਗਤੀਵਿਧੀਆਂ ਸਰਬ ਧਰਮ ਸਤਿਕਾਰ, ਸਹਿਣਸ਼ੀਲਤਾ, ਭਾਈਚਾਰੇ ਅਤੇ ਏਕਤਾ ਦੀ ਭਾਵਨਾ ਵਿਕਸਿਤ ਕਰਦੀਆਂ ਹਨ।
ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਰਾੜ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਿਆਂ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ।