Thursday, 21 May 2026
Politics
ਭਾਜਪਾ ਵੱਲੋਂ ਹਨੀ ਗੋਇਲ ਤੇ ਪਰਦੂਮਨ ਬਾਂਸਲ ਦੀ ਮੁੱਢਲੀ ਮੈਂਬਰਸ਼ਿਪ ਰੱਦ
ਵਾਰਡ ਨੰਬਰ 20 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਪਾਰਟੀ ਨੇ ਅਨੁਸ਼ਾਸਨਹੀਨਤਾ ਦੱਸਿਆ, ਹਨੀ ਗੋਇਲ ਨੇ ਵੀ ਆਪਣਾ ਪੱਖ ਰੱਖਿਆ
ਜਗਰਾਉਂ, 21 ਮਈ , (ਦਿਨੇਸ਼ ਸ਼ਰਮਾ) ਜਗਰਾਉਂ ਨਗਰ ਕੌਂਸਲ ਚੋਣਾਂ ਦਰਮਿਆਨ ਭਾਰਤੀ ਜਨਤਾ ਪਾਰਟੀ ਵੱਲੋਂ ਅਨੁਸ਼ਾਸਨ ਸਬੰਧੀ ਸਖ਼ਤ ਰੁਖ ਅਖਤਿਆਰ ਕਰਦਿਆਂ ਸਾਬਕਾ ਕੌਂਸਲਰ ਹਨੀ ਗੋਇਲ ਅਤੇ ਪਰਦੂਮਨ ਬਾਂਸਲ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਦੇ ਮੁਤਾਬਕ ਇਹ ਕਾਰਵਾਈ ਸਰਕਲ ਪ੍ਰਧਾਨ ਨਵਨੀਤ ਗੁਪਤਾ ਦੀ ਸਿਫਾਰਸ਼ ਅਤੇ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਵਾਰਡ ਨੰਬਰ 20 ਤੋਂ ਭਾਜਪਾ ਵੱਲੋਂ ਹਰਸ਼ ਸਿੰਗਲਾ ਨੂੰ ਅਧਿਕਾਰਤ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਹਨੀ ਗੋਇਲ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ।
ਡਾ. ਸ਼ਰਮਾ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਸਬੰਧੀ ਅਜਿਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਗਰਾਉਂ ਦੇ ਵੱਖ-ਵੱਖ ਵਾਰਡਾਂ ਵਿੱਚ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਵਿੱਚ ਸਰਗਰਮ ਹਨ।
ਦੂਜੇ ਪਾਸੇ, ਹਨੀ ਗੋਇਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਵਾਰਡ ਅਤੇ ਸ਼ਹਿਰ ਨਾਲ ਜੁੜੇ ਕੁਝ ਵਿਕਾਸ ਮਸਲਿਆਂ ਨੂੰ ਲੈ ਕੇ ਉਨ੍ਹਾਂ ਨੇ ਸਥਾਨਕ ਲੀਡਰਸ਼ਿਪ ਸਾਹਮਣੇ ਗੱਲ ਰੱਖੀ ਸੀ, ਪਰ ਉਨ੍ਹਾਂ ਅਨੁਸਾਰ ਉਹਨਾਂ ਮਸਲਿਆਂ ‘ਤੇ ਲੋੜੀਂਦੀ ਸੁਣਵਾਈ ਨਹੀਂ ਹੋਈ। ਹਨੀ ਗੋਇਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਜਪਾ ਤੋਂ ਟਿਕਟ ਦੀ ਮੰਗ ਨਹੀਂ ਕੀਤੀ ਸੀ ਅਤੇ ਉਹ ਆਪਣੇ ਤੌਰ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਹਨ।