Monday, 27 April 2026
Politics
ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ ਦੂਜੇ ਉਮੀਦਵਾਰ ਦਾ ਕੀਤਾ ਐਲਾਨ ਵਾਰਡ ਨੰਬਰ 9 ਤੋਂ ਬੀਬੀ ਨਰਿੰਦਰਜੀਤ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ
ਜਗਰਾਉਂ, — ਨਗਰ ਕੌਂਸਲ ਚੋਣਾਂ ਦੇ ਸਰਕਾਰੀ ਐਲਾਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪਾਰਟੀ ਵੱਲੋਂ ਜਗਰਾਉਂ ਨਗਰ ਕੌਂਸਲ ਦੇ ਵਾਰਡ ਨੰਬਰ 9, ਅਗਵਾੜ ਲੁਧਾਈ ਰਾਣੀ ਵਾਲਾ ਖੂਹ ਤੋਂ ਬੀਬੀ ਨਰਿੰਦਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਬੀਬੀ ਨਰਿੰਦਰਜੀਤ ਕੌਰ ਸਮਾਜ ਸੇਵੀ ਸਤਨਾਮ ਸਿੰਘ ਦੀ ਧਰਮਪਤਨੀ ਹਨ।
ਵਾਰਡ ਨੰਬਰ 9 ਵਿੱਚ ਕਰਵਾਏ ਗਏ ਇਕੱਠ ਦੌਰਾਨ ਮੁਹੱਲਾ ਵਾਸੀਆਂ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਬੀਬੀ ਨਰਿੰਦਰਜੀਤ ਕੌਰ ਦੇ ਨਾਮ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਹਾਜ਼ਰ ਲੋਕਾਂ ਵੱਲੋਂ ਸਮਰਥਨ ਮਿਲਣ ਉਪਰੰਤ ਹਲਕਾ ਇੰਚਾਰਜ ਐਸ.ਆਰ. ਕਲੇਰ ਵੱਲੋਂ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਵਜੋਂ ਅਧਿਕਾਰਿਕ ਤੌਰ ’ਤੇ ਐਲਾਨਿਆ ਗਿਆ।
ਬੀਬੀ ਨਰਿੰਦਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 9 ਦੇ ਲੋਕ ਕਾਫ਼ੀ ਸਮੇਂ ਤੋਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਐਸ.ਆਰ. ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਾਰਡ ਨੰਬਰ 8 ਤੋਂ ਸ਼ੰਕਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਹੁਣ ਵਾਰਡ ਨੰਬਰ 9 ਤੋਂ ਬੀਬੀ ਨਰਿੰਦਰਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਚੌਧਰੀ ਨਛੱਤਰ ਸਿੰਘ ਸਹੋਤਾ, ਸੁਖਦੇਵ ਸਿੰਘ, ਮਨਜਿੰਦਰ ਸਿੰਘ ਮੋਪੀ, ਜਸਮੇਲ ਸਿੰਘ ਸਹੋਤਾ, ਲਖਵੀਰ ਸਿੰਘ ਸਹੋਤਾ, ਬਲਜੀਤ ਸਿੰਘ ਜੀਤੀ, ਤਿਲਕਰਾਜ, ਸਤਪਾਲ ਮਾਸਟਰ, ਰਵੀ ਕਲਿਆਣ, ਬਿੱਟੂ ਨਾਹਰ, ਕੁਲਦੀਪ ਸਿੰਘ ਕੀਪਾ, ਰਮਨ ਮਾਈ, ਸਰਬਜੀਤ ਸਿੰਘ ਮਹਿਗਾ, ਮਾਤਾ ਸੀਤਾ, ਕ੍ਰਿਸ਼ਨ ਘਾਰੂ, ਅਮਤੇਸ਼ਵਰ ਸਿੰਘ ਗੱਗੂ, ਰਾਜਨ ਸੋਤਾ, ਰਿੰਪੀ ਸਹੋਤਾ, ਸੁਲਤਾਨ ਸਿੰਘ ਪ੍ਰਧਾਨ, ਗਗਨ ਸਹੋਤਾ, ਸੁਖਬੀਰ ਸਹੋਤਾ, ਲਖਬੀਰ ਸਿੰਘ ਲੱਭਾ, ਬਲਕਾਰ ਸਿੰਘ ਰਾਜੂ, ਸੁਖਚੈਨ ਸਿੰਘ, ਬਖਸ਼ੀਸ਼ ਨਾਹਰ, ਧਰਮਪ੍ਰੀਤ ਸਿੰਘ ਧਰਮਾ, ਰਮਨ ਕੰਡਿਆਲ, ਜਗਜੀਵਨ ਸਿੰਘ ਸੂਬੇਦਾਰ, ਰਮਨਦੀਪ ਸਿੰਘ ਸਹੋਤਾ ਤੋਂ ਇਲਾਵਾ ਹੋਰ ਵਾਰਡ ਵਾਸੀ ਹਾਜਰ ਸਨ।